ਜੇਐੱਨਐੱਨ, ਨਵੀਂ ਦਿੱਲੀ : ਦਸੰਬਰ ਤਕ ਸਾਰੇ ਬਾਲਗਾਂ ਨੂੰ ਟੀਕਾ ਲਗਾਉਣ ਲਈ ਸਰਕਾਰ ਨੇ 127.6 ਕਰੋੜ ਟੀਕਿਆਂ ਦਾ ਪ੍ਰਬੰਧ ਕਰ ਲਿਆ ਹੈ। ਪਿਛਲੇ ਹਫ਼ਤੇ ਬਾਇਓਲਾਜੀਕਲ-ਈ ਨੂੰ 30 ਕਰੋੜ ਖੁਰਾਕਾਂ ਦਾ ਆਰਡਰ ਦੇਣ ਤੋਂ ਬਾਅਦ ਸਰਕਾਰ ਨੇ ਕੋਵੀਸ਼ੀਲਡ ਅਤੇ ਕੋਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਦਾ ਆਰਡਰ ਬੁੱਕ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਖ਼ੁਰਾਕਾਂ ਦੀ ਸਪਲਾਈ ਅਗਸਤ ਤੋਂ ਦਸੰਬਰ ਵਿਚਾਲੇ ਹੋਵੇਗੀ। ਇਸ ਤੋਂ ਪਹਿਲਾਂ 31 ਜੁਲਾਈ ਤਕ ਲਈ ਸਰਕਾਰ 53.6 ਕਰੋੜ ਖ਼ੁਰਾਕਾਂ ਦਾ ਆਰਡਰ ਦੇ ਚੁੱਕੀ ਹੈ। ਇਸ ‘ਚ ਸਪੁਤਨਿਕ-ਵੀ ਸ਼ਾਮਲ ਨਹੀਂ ਹੈ, ਜਿਸ ਦੀ ਰੂਸ ਤੋਂ ਦਰਾਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਜੁਲਾਈ ਤੋਂ ਬਾਅਦ ਭਾਰਤ ‘ਚ ਵੱਡੀ ਪੈਮਾਨੇ ‘ਤੇ ਇਸਦਾ ਉਤਪਾਦਨ ਵੀ ਹੋਣ ਲੱਗੇਗਾ।
ਨੀਤੀ ਆਯੋਗ ਦੇ ਮੈਂਬਰ (ਸਿਹਤ) ਅਤੇ ਕੋਰੋਨਾ ਟੀਕਾਕਰਨ ਸਬੰਧੀ ਬਣਾਈ ਕਮੇਟੀ ਦੇ ਪ੍ਰਧਾਨ ਡਾ. ਵੀਕੇ ਪਾਲ ਨੇ ਕਿਹਾ ਕਿ 44 ਕਰੋੜ ਖ਼ੁਰਾਕਾਂ ‘ਚ 25 ਕਰੋੜ ਖ਼ੁਰਾਕਾਂ ਕੋਵੀਸ਼ੀਲਡ ਦੀਆਂ ਅਤੇ 19 ਕਰੋੜ ਖ਼ੁਰਾਕਾਂ ਕੋਵੈਕਸੀਨ ਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਕੁੱਲ ਕੀਮਤ ਦੀ 30 ਫ਼ੀਸਦੀ ਰਾਸ਼ੀ ਐਡਵਾਂਸ ‘ਚ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਨੂੰ ਜਾਰੀ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਇਹ ਖ਼ੁਰਾਕਾਂ ਸੂਬਿਆਂ ਨੂੰ ਮਫ਼ਤ ‘ਚ ਮੁਹੱਈਆ ਕਰਵਾਏਗੀ।