ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਆਈਸੀਸੀ ਦੇ ਪਹਿਲੇ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਖੇਡਣ ਉਤਰੇਗੀ। ਇੰਗਲੈਂਡ ਵਿਚ 18 ਤੋਂ 22 ਜੂਨ ਵਿਚਾਲੇ ਸਾਊਥੈਂਪਟਨ ਵਿਚ ਦੋਵਾਂ ਟੀਮਾਂ ਦਾ ਮੁਕਾਬਲਾ ਹੋਣ ਵਾਲਾ ਹੈ। ਨਿਊਜ਼ੀਲੈਂਡ ਦੇ ਸਪਿੰਨਰ ਈਸ਼ ਸੋਢੀ ਨੇ ਭਾਰਤੀ ਟੀਮ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਫਾਈਨਲ ਜਿੱਤਣਾ ਇਤਿਹਾਸ ਰਚਨ ਵਾਂਗ ਹੋਵੇਗਾ। ਕੀਵੀ ਸਪਿੰਨਰ ਨੇ ਕਿਹਾ ਕਿ ਜੀ ਹਾਂ ਬਿਲਕੁਲ ਇਹ ਨਿਊਜ਼ੀਲੈਂਡ ਦੀ ਟੀਮ ਲਈ ਬਹੁਤ ਵੱਡਾ ਮੌਕਾ ਹੈ। ਇਹ ਬਹੁਤ ਸੰਤੁਸ਼ਟੀ ਦੇਣ ਵਾਲਾ ਪਲ਼ ਹੈ। ਅਸੀਂ ਪਿਛਲੇ ਕੁਝ ਸਾਲਾਂ ਵਿਚ ਖੇਡੀਆਂ ਸੀਰੀਜ਼ਾਂ ਵਿਚ ਬਹੁਤ ਹੀ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਸਾਡੇ ਜਿੱਤ ਦਾ ਫ਼ੀਸਦੀ ਖੇਡੀਆਂ ਗਈਆਂ ਸਾਰੀਆਂ ਸੀਰੀਜ਼ਾਂ ਵਿਚ ਬਹੁਤ ਹੀ ਕਮਾਲ ਦਾ ਰਿਹਾ ਪਰ ਹੁਣ ਤਕ ਸਾਨੂੰ ਵਿਸ਼ਵ ਟੂਰਨਾਮੈਂਟ ਨੂੰ ਜਿੱਤ ਕੇ ਜਸ਼ਨ ਮਨਾਉਣ ਦਾ ਮੌਕਾ ਨਹੀਂ ਮਿਲ ਸਕਿਆ ਹੈ। ਇਹ ਇਕ ਬਹੁਤ ਵੱਕਾਰੀ ਟੂਰਨਾਮੈਂਟ ਹੈ। ਅਸੀਂ ਨਿਰਪੱਖ ਥਾਂ ਇੰਗਲੈਂਡ ਵਿਚ ਖੇਡਣ ਜਾ ਰਹੇ ਹਾਂ ਉਹ ਵੀ ਭਾਰਤ ਵਰਗੀ ਸ਼ਾਨਦਾਰ ਟੀਮ ਖ਼ਿਲਾਫ਼। ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿਚ ਚੋਟੀ ‘ਤੇ ਰਹਿੰਦੇ ਹੋਏ ਫਾਈਨਲ ਵਿਚ ਥਾਂ ਬਣਾਈ ਹੈ। ਨਿਊਜ਼ੀਲੈਂਡ ਦੀ ਟੀਮ ਨੇ ਦੂਜੇ ਸਥਾਨ ‘ਤੇ ਰਹਿੰਦੇ ਹੋਏ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਭਾਰਤ ਨੇ ਲਗਾਤਾਰ ਦੋ ਟੈਸਟ ਸੀਰੀਜ਼ਾਂ ਵਿਚ ਆਸਟ੍ਰੇਲੀਆ ਤੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੀ ਟਿਕਟ ਪੱਕੀ ਕੀਤੀ ਸੀ। ਸੋਢੀ ਨੇ ਕਿਹਾ ਕਿ ਭਾਰਤੀ ਟੀਮ ਨੇ ਆਸਟ੍ਰੇਲੀਆ ਵਿਚ ਜਾ ਕੇ ਪਿਛਲੀਆਂ ਦੋ ਸੀਰੀਜ਼ਾਂ ਵਿਚ ਜਿੱਤ ਹਾਸਲ ਕੀਤੀ ਹੈ ਤੇ ਉਹ ਵੀ ਟੈਸਟ ਕ੍ਰਿਕਟ ਵਿਚ। ਇਹ ਟੀਮ ਆਪਣੀ ਪੂਰੀ ਤਾਕਤ ਨਾਲ ਖੇਡ ਰਹੀ ਹੈ ਤੇ ਇਸ ਸਮੇਂ ਸਭ ਤੋਂ ਬਿਹਤਰੀਨ ਲੈਅ ਵਿਚ ਹੈ। ਮੈਨੂੰ ਤਾਂ ਅਜਿਹਾ ਲਗਦਾ ਹੈ ਕਿ ਇਹ ਇਕ ਬਹੁਤ ਹੀ ਚੰਗੀ ਚੁਣੌਤੀ ਹੋਵੇਗੀ। ਜੇ ਅਸੀਂ ਮੈਚ ਵਿਚ ਖੇਡਣ ਉਤਰੇ ਤੇ ਜਿੱਤ ਕੇ ਨਿਕਲੇ ਤਾਂ ਫਿਰ ਇਹ ਨਿਊਜ਼ੀਲੈਂਡ ਕ੍ਰਿਕਟ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਬਿਹਤਰੀਨ ਜਿੱਤ ਹੋਣ ਵਾਲੀ ਹੈ। ਅਸੀਂ ਆਪਣੇ ਆਪ ਲਈ ਵੀ ਇਸ ਮੈਚ ਵਿਚ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੈ।
ਨਿਊਜ਼ੀਲੈਂਡ ਟੀਮ ਦੇ ਸਪਿੰਨਰ ਨੇ ਕਿਹਾ, ਭਾਰਤੀ ਟੀਮ ਬੇਹੱਦ ਤਾਕਤਵਰ ਹੈ ਉਸਨੂੰ ਹਰਾ ਕੇ ਇਤਿਹਾਸ ਰਚਨਾ ਹੋਵੇਗਾ
