ਸਟੇਟ ਬਿਊਰੋ, ਕੋਲਕਾਤਾ : ਕਿਸਾਨ ਆਗੂ ਤੇ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਅੱਜ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸ਼ਾਮ 3 ਵਜੇ ਮੁਲਾਕਾਤ ਕਰਨਗੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਨਾਲ ਰਾਕੇਸ਼ ਟਿਕੈਤ ਦੀ ਇਹ ਪਹਿਲੀ ਮੁਲਾਕਾਤ ਹੈ। ਉਹ ਮੰਗਲਵਾਰ ਰਾਤ ਕੋਲਕਾਤਾ ਪਹੁੰਚ ਗਏ।
ਸੂਤਰਾਂ ਮੁਤਾਬਕ ਇਸ ਬੈਠਕ ‘ਚ ਸੰਸਦ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਹੋ ਰਹੇ ਵਿਰੋਧ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਉੱਪਰ ਚਰਚਾ ਹੋਵੇਗੀ।
ਇੱਥੇ ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਰੇੜਕਾ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਦਾ ਅੰਦੋਲਨ 2024 ਤਕ ਜਾਰੀ ਰਹੇਗਾ। ਇਹ ਐਲਾਨ ਉਨ੍ਹਾਂ ਬੀਤੇ ਦਿਨੀਂ ਆਪਣੇ ਜਨਮਦਿਨ ਮੌਕੇ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਯਕੀਨੀ ਤੌਰ ‘ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਰਾਜ਼ੀ ਹੋ ਜਾਵੇਗੀ। ਕਾਨੂੰਨ 2024 ਤਕ ਵਾਪਸ ਲਿਆ ਜਾਵੇਗਾ। ਇਹ ਤਿੰਨ ਸਾਲ ‘ਚ ਯਕੀਨੀ ਹੋਵੇਗਾ। ਕਾਨੂੰਨ ਵਾਪਸ ਹੋ ਜਾਣਗੇ।
ਦੇਸ਼ ਦੀ ਮੌਜੂਦਾ ਕੇਂਦਰ ਸਰਕਾਰ ਦਾ ਕਾਰਜਕਾਲ ਸਾਲ 2024 ‘ਚ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਦੇਸ਼ ਵਿਚ ਲੋਕ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਇਸ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਅਸੀਂ ਜਨਤਾ ਨਾਲ ਗੱਲਬਾਤ ਕੀਤੀ ਹੈ। ਜਨਤਾ ਤੈਅ ਕਰੇਗੀ ਤੇ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪੈਣਗੇ। ਦੱਸ ਦੇਈਏ ਕਿ ਰਾਕੇਸ਼ ਟਿਕੈਤ ਪੱਛਮੀ ਯੂਪੀ ਨਾਲ ਤਾਅਲੁੱਕ ਰੱਖਦੇ ਹਨ। ਇੱਥੇ ਕਿਸਾਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਪਿਛਲੀਆਂ ਚੋਣਾਂ ‘ਚ ਇਨ੍ਹਾਂ ਕਿਸਾਨਾਂ ਨੇ ਭਾਜਪਾ ਨੂੰ ਵੋਟਿੰਗ ‘ਚ ਜ਼ਬਰਦਸਤ ਦਿਲਚਸਪੀ ਵੀ ਦਿਖਾਈ ਸੀ।