ਚੰਡੀਗੜ੍ਹ : ਫ਼ਤਿਹ ਕਿੱਟ ਖ਼ਰੀਦ ‘ਚ ਭਿ੍ਸ਼ਟਾਚਾਰ ਹੋਣ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਲੋਕਪਾਲ ਨੂੰ ਖ਼ਰੀਦ ਮਾਮਲਿਆਂ ਲਈ ਜ਼ਿੰਮੇਵਾਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ।
ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਦੇ ਇਸ ਗੰਭੀਰ ਹਮਲੇ ਕਾਰਨ ‘ਕੋਵਿਡ ਫ਼ਤਿਹ ਕਿੱਟ’ ਯੋਜਨਾ ਤਹਿਤ ਕੋਵਿਡ-19 ਦੇ ਇਲਾਜ ਲਈ ਜ਼ਰੂਰੀ ਸਮੱਗਰੀ ਅਤੇ ਜ਼ਰੂਰੀ ਇਲਾਜ ਕਿੱਟ ਲਈ ਕਈ ਵਾਰ ਟੈਂਡਰ ਜਾਰੀ ਕੀਤੇ, ਸਮਝੌਤੇ ਕੀਤੇ ਤੇ ਫਿਰ ਸਮਝੌਤੇ ਰੱਦ ਕੀਤੇ। ਫ਼ਤਿਹ ਕਿੱਟ ਖ਼ਰੀਦਣ ਦੀ ਟੈਂਡਰ ਪ੍ਰਕਿਰਿਆ ਵਿਚ ਇਕ ਕਥਿਤ ਵੱਡੇ ਘੁਟਾਲੇ ਨੂੰ ਨਾਪਾਕ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਲਾਜ ਕਿੱਟ ਖ਼ਰੀਦਣ ਲਈ ਪਹਿਲਾ ਟੈਂਡਰ ਸੰਗਮ ਮੈਡੀਕਲ ਸਟੋਰ ਨਾਲ ਸਮਝੌਤਾਬੱਧ ਕੀਤਾ ਗਿਆ ਸੀ, ਜਿਸ ਨੇ ਇਕ ਫ਼ਤਿਹ ਕਿੱਟ ਕੇਵਲ 837 ਰੁਪਏ ਵਿਚ ਦੇਣੀ ਪ੍ਰਵਾਨ ਕੀਤੀ ਸੀ, ਪਰ ਇਸ ਸਟੋਰ ਤੋਂ ਕੁਝ ਹਜ਼ਾਰ ਕਿੱਟਾਂ ਹੀ ਤੈਅ ਕੀਮਤ ‘ਤੇ ਖ਼ਰੀਦਣ ਤੋਂ ਬਾਅਦ ਨਵੇਂ ਟੈਂਡਰ ਰਾਹੀਂ 940 ਰੁਪਏ ਪ੍ਰਤੀ ਕਿੱਟ ਦੀ ਕੀਮਤ ‘ਤੇ ਖ਼ਰੀਦਣ ਦੇ ਹੁਕਮ ਕੀਤੇ ਗਏ। ਇਸ ਤੋਂ ਬਾਅਦ ਗ੍ਰੈਂਡ ਵੇ ਇਨਕਾਰਪੋਰੇਸਨ ਨੂੰ 1226 ਰੁਪਏ ਪ੍ਰਤੀ ਕਿੱਟ ਦੀ ਦਰ ਨਾਲ ਟੈਂਡਰ ਜਾਰੀ ਕੀਤੇ ਗਏ। ਚੱਢਾ ਨੇ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰੈਂਡ ਵੇ ਮੈਡੀਕਲ ਲਾਇਸੈਂਸ ਹੋਣ ਦੀ ਕਸੌਟੀ ‘ਤੇ ਵੀ ਕਾਨੂੰਨੀ ਰੂਪ ਨਾਲ ਖਰੀ ਨਹੀਂ ਉਤਰਦੀ, ਪਰ ਫਿਰ ਵੀ ਸਰਕਾਰ ਨੂੰ ਕਿੱਟਾਂ ਦੇਣ ਲਈ ਇਸ ਨੂੰ ਚੁਣਿਆ ਗਿਆ।