ਨਵੀਂ ਦਿੱਲੀ: ਚਾਰ ਲੇਬਰ (ਕਿਰਤੀ) ਕੋਡ ਅਗਲੇ ਕੁਝ ਮਹੀਨਿਆਂ ਵਿੱਚ ਅਮਲ ਵਿੱਚ ਆ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਇਨ੍ਹਾਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਿਆਰੀ ਖਿੱਚ ਲਈ ਹੈ। ਉਂਜ ਇਨ੍ਹਾਂ ਲੇਬਰ ਕੋਡਾਂ ਦੇ ਕਾਨੂੰਨ ਦੀ ਸ਼ਕਲ ਲੈਣ ਤੋਂ ਬਾਅਦ ਮੁਲਾਜ਼ਮਾਂ/ਕਰਮਚਾਰੀਆਂ ਦੇ ਹੱਥਾਂ ਵਿਚ ਤਨਖਾਹ ਘੱਟ ਜਾਵੇਗੀ, ਜਦੋਂ ਕਿ ਕੰਪਨੀਆਂ ਦੀ ਪ੍ਰੋਵੀਡੈਂਟ ਫੰਡ (ਪੀਐੱਫ) ਦੇਣਦਾਰੀ ਵੱਧ ਜਾਵੇਗੀ। ਵੇਜਿਜ਼ (ਤਨਖਾਹਾਂ ਬਾਰੇ) ਕੋਡ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਤੇ ਪੀਐੱਫ ਦੀਆਂ ਗਿਣਤੀਆਂ ਮਿਣਤੀਆਂ ਕਰਨ ਦੇ ਢੰਗ ਤਰੀਕੇ ਵਿੱਚ ਵੀ ਅਹਿਮ ਤਬਦੀਲੀ ਆਏਗੀ।
ਕਿਰਤ ਮੰਤਰਾਲੇ ਨੇ ਸਨਅਤੀ ਮੇਲ-ਜੋਲ, ਤਨਖਾਹਾਂ, ਸਮਾਜਿਕ ਸੁਰੱਖਿਆ ਤੇ ਪੇਸ਼ੇਵਰ ਸਿਹਤ ਸੁਰੱਖਿਆ ਤੇ ਕੰਮਕਾਜੀ ਹਾਲਾਤ ਬਾਰੇ ਚਾਰ ਕੋਡਜ਼ ਨੂੰ 1 ਅਪਰੈਲ 2021 ਤੋਂ ਲਾਗੂ ਕਰਨ ਲਈ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਚਾਰੋਂ ਲੇਬਰ ਕੋਡਜ਼ 44 ਕੇਂਦਰੀ ਕਿਰਤ ਕਾਨੂੰਨਾਂ ਦੀ ਥਾਂ ਲੈਣਗੇ। ਮੰਤਰਾਲੇ ਨੇ ਇਨ੍ਹਾਂ ਚਾਰ ਕੋਡਜ਼ ਤਹਿਤ ਨੇਮਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਹੈ। ਪਰ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਕਿਉਂਕਿ ਕਈ ਰਾਜ ਆਪਣੇ ਅਧਿਕਾਰ ਖੇਤਰ ਵਿੱਚ ਇਨ੍ਹਾਂ ਕੋਡਜ਼ ਨੂੰ ਨੋਟੀਫਾਈ ਕਰਨ ਦੀ ਸਥਿਤੀ ਵਿੱਚ ਨਹੀਂ ਹਨ।