ਇਸਲਾਮਾਬਾਦ (ਏਜੰਸੀ) : ਲੰਬੇ ਸਮੇਂ ਤਕ ਆਪਣੇ ਇੱਥੇ ਤਾਲਿਬਾਨ ਦੀ ਮੌਜੂਦਗੀ ਤੋਂ ਇਨਕਾਰ ਕਰਨ ਵਾਲੇ ਪਾਕਿਸਤਾਨ ਨੇ ਆਖ਼ਰਕਾਰ ਮੰਨ ਲਿਆ ਹੈ ਕਿ ਉਹ ਇਸ ਸੰਗਠਨ ਦੇ ਅੱਤਵਾਦੀਆਂ ਨੂੰ ਇਲਾਜ ਮੁਹਈਆ ਕਰਵਾਉਂਦਾ ਹੈ। ਉਸ ਨੇ ਇਹ ਵੀ ਮੰਨਿਆ ਕਿ ਤਾਲਿਬਾਨ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਪਨਾਹ ਵੀ ਦਿੱਤੀ ਜਾਂਦੀ ਹੈ।
ਪਾਕਿਸਤਾਨ ਦੇ ਗ੍ਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਦਾ ਇਹ ਮੰਨਣਾ ਇਕ ਸਥਾਨਕ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ ‘ਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਹ ਮੰਨਿਆ ਕਿ ਰਾਜਧਾਨੀ ਇਸਲਾਮਾਬਾਦ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਤਾਲਿਬਾਨ ਅੱਤਵਾਦੀਆਂ ਦੇ ਪਰਿਵਾਰ ਰਹਿੰਦੇ ਹਨ। ਇਸ ਅੱਤਵਾਦੀ ਸੰਗਠਨ ਦੇ ਕਈ ਮੈਂਬਰਾਂ ਨੇ ਸਥਾਨਕ ਹਸਪਤਾਲਾਂ ‘ਚ ਆਪਣਾ ਇਲਾਜ ਵੀ ਕਰਵਾਇਆ ਹੈ।
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਾਫਿਜ਼ ਚੌਧਰੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਪੰਜ ਹਜ਼ਾਰ ਤੋਂ ਵੱਧ ਅੱਤਵਾਦੀ ਅਫ਼ਗਾਨਿਸਤਾਨ ‘ਚ ਮੌਜੂਦ ਹਨ। ਇਕ ਦਿਨ ਪਹਿਲਾਂ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਇੱਥੇ ਟੀਟੀਪੀ ਦਾ ਕੋਈ ਅਤਵਾਦੀ ਨਹੀਂ ਹੈ।