ਚੰਡੀਗੜ੍ਹ : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਆਪਣਾ ਮਾਫ਼ੀਨਾਮਾ ਲਿਖਤੀ ਰੂਪ ਵਿਚ ਪੇਸ਼ ਕਰ ਦਿੱਤਾ ਪਰ ਕਮਿਸ਼ਨ ਉਨ੍ਹਾਂ ਵੱਲੋਂ ਭੇਜੇ ਗਏ ਮਾਫ਼ੀਨਾਮੇ ਤੋਂ ਸਤੁੰਸ਼ਟ ਨਹੀਂ ਹੈ ਕਿਉਂਕਿ ਬਿੱਟੂ ਨੇ ਆਮ ਕਾਗ਼ਜ਼ ‘ਤੇ ਭੇਜੇ ਮਾਫ਼ੀਨਾਮੇ ‘ਤੇ ਤਰੀਕ ਤਕ ਨਹੀਂ ਪਾਈ।
ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ 21 ਜੂਨ ਨੂੰ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਆਪਣਾ ਪੱਖ ਰੱਖਿਆ ਸੀ। ਆਪਣੇ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਸ ਤਰ੍ਹਾਂ ਦਾ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗ਼ਲਤ ਭਾਵਨਾ ਵਾਲਾ ਬਿਆਨ ਦੇਣ ਅਤੇ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ।ਵਰਨਣਯੋਗ ਹੈ ਕਿ ਬਿੱਟੂ ਨੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚ ਹੋਏ ਗਠਜੋੜ ਤੋਂ ਬਾਅਦ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਦੀ ਸੀਟ ਬਸਪਾ ਨੂੰ ਛੱਡੇ ਜਾਣ ‘ਤੇ ਪਵਿੱਤਰ ਸੀਟਾਂ ਛੱਡਣ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ। ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂ, ਬਲਦੇਵ ਖਹਿਰਾ ਤੇ ਸੁਖਵਿੰਦਰ ਸੁੱਖੀ ਨੇ ਕਮਿਸ਼ਨ ਕੋਲ ਬਿੱਟੂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।