ਚੰਡੀਗੜ੍ਹ/ਲੁਧਿਆਣਾ : ਕਾਂਗਰਸ ਪਾਰਟੀ ਨੂੰ ਝਟਕਾ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦਲਜੀਤ ਸਿੰਘ (ਭੋਲਾ) ਗਰੇਵਾਲ (Daljit Singh Grewal Bhola) ਮੰਗਲਵਾਰ ਨੂੰ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦਲਜੀਤ ਸਿੰਘ ਗਰੇਵਾਲ ਵੱਲੋਂ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋਣ ਨਾਲ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਾਰਟੀ ਨੂੰ ਵੱਡੀ ਤਾਕਤ ਮਿਲੀ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann), ਦਿੱਲੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ (Raghav Chadha) ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੇ ਚੰਡੀਗੜ੍ਹ ਵਿਖੇ ਦਲਜੀਤ ਸਿੰਘ (ਭੋਲਾ) ਗਰੇਵਾਲ ਅਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ।
ਆਪ ਵਿੱਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਕਿਹਾ ਕਿ ਦਲਜੀਤ ਸਿੰਘ (ਭੋਲਾ) ਗਰੇਵਾਲ ਲੁਧਿਆਣਾ ਜ਼ਿਲੇ ਦੀ ਜਾਣੀ ਪਹਿਚਾਣੀ ਸਖ਼ਸ਼ੀਅਤ ਹਨ। ਗਰੇਵਾਲ ਲੰਮਾ ਸਮਾਂ ਲੁਧਿਆਣਾ ਨਗਰ ਨਿਗਮ ਦੇ ਕੌਸਲਰ ਰਹੇ ਹਨ ਅਤੇ ਉਨਾਂ ਦੀ ਪਤਨੀ ਬਲਵਿੰਦਰ ਕੌਰ ਗਰੇਵਾਲ ਵੀ ਕੌਸਲਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਮਾਨ ਨੇ ਕਿਹਾ ਕਿ ਦਲਜੀਤ ਸਿੰਘ (ਭੋਲਾ) ਗਰੇਵਾਲ ਅਤੇ ਉਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਆਪ ਨੂੰ ਮਿਲੀ ਵੱਡੀ ਤਾਕਤ ਮਿਲੀ ਹੈ।