ਚੰਡੀਗੜ੍ਹ : ਕਾਂਗਰਸ ਪਾਰਟੀ ‘ਚ ਬਾਹਰਲੇ ਬਨਾਮ ਅਸਲੀ ਕਾਂਗਰਸੀ (ਟਕਸਾਲੀ) ਦੀ ਲੜਾਈ ਦੀ ਅੱਗ ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਕ ਪੁੱਜ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦੇ ਸਿਆਸੀ ਸਲਾਹਕਾਰ ਰਹੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ‘ਤੇ ਅਕਾਲੀਆਂ ਨੂੰ ਫੰਡ ਦੇ ਕੇ ਖ਼ੁਸ਼ ਕਰਨ ਦਾ ਗੰਭੀਰ ਦੋਸ਼ ਜੜ ਦਿੱਤਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਾਂਗਰਸ ‘ਚ ਕਿਸੇ ਨੇਤਾ ਨੇ ਅਨੁਸ਼ਾਸਨ ਦੀ ਮਰਿਆਦਾ ਲੰਘੀ ਹੋਵੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਵਿਰੁੱਧ ਮੋਰਚਾ ਖੋਲ੍ਹਿਆ ਸੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਦੀ ਕਮਜ਼ੋਰ ਪਕੜ ਕਾਰਨ ਪੰਜਾਬ ਕਾਂਗਰਸ ‘ਚ ਅਨੁਸ਼ਾਸਨਹੀਣਤਾ ਵਧ ਰਹੀ ਹੈ। ਅਹਿਮ ਪਹਿਲ ਇਹ ਹੈ ਕਿ ਅਨੁਸ਼ਾਸਨ ਤੋੜਨ ਵਾਲਿਆਂ ਵਿਚ ਉਹ ਨੇਤਾ ਸ਼ਾਮਲ ਹਨ ਜੋ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿਚ ਸ਼ਾਮਲ ਰਹੇ ਹਨ।
ਕੋਟਕਪੂਰਾ ਗੋਲੀ ਕਾਂਡ ‘ਤੇ ਹਾਈ ਕੋਰਟ ਵੱਲੋਂ ਸਪੈਸ਼ਲ ਟਾਸਕ ਫੋਰਸ ਨੂੰ ਖਾਰਜ ਕਰਨ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ‘ਚ ਉੱਠਿਆ ਤੂਫ਼ਾਨ ਨਿੱਤ ਨਵੇਂ ਮੋੜ ਲੈਂਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲਿ੍ਹਆ। ਇਸ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਰਗੇ ਨੇਤਾ ਵੀ ਸ਼ਾਮਲ ਹੋ ਗਏ। ਇਹ ਵਿਵਾਦ ਇੰਨਾ ਵਧਿਆ ਕਿ ਕਾਂਗਰਸ ਹਾਈ ਕਮਾਨ ਨੂੰ ਇਕ ਕਮੇਟੀ ਦਾ ਗਠਨ ਕਰਨਾ ਪਿਆ। ਇਹ ਮਾਮਲਾ ਹਾਲੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਵਿਧਾਇਕ ਵੜਿੰਗ ਨੇ ਮਨਪ੍ਰਰੀਤ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।