ਰੂਪਨਗਰ : 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਇਸ ਵਾਰ ਬਿਜਲੀ ਮੁੱਦੇ ਨੂੰ ਲੈ ਕੇ ਸਿਆਸਤ ਜ਼ੋਰਾਂ ’ਤੇ ਚੱਲ ਰਹੀ ਹੈ। ਸਿਆਸੀ ਆਗੂ ਬਿਜਲੀ ਮੁੱਦੇ ਨੂੰ ਲੈ ਕੇ ਨਿੱਤ ਨਵੇਂ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਕਰਕੇ ਵਿਰੋਧੀਆਂ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰ ਰਹੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੂਬੇ ਵਿਚ ਬਿਜਲੀ ਮੁੱਦੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਅਤੇ ਇਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਸਿਆਸਤ ਚੱਲ ਰਹੀ ਹੈ। ਕੁੱਝ ਅਜਿਹਾ ਹੀ ਮੰਗਲਵਾਰ ਨੂੰ ਰੂਪਨਗਰ ਵਿਖੇ ਸਾਹਮਣੇ ਆਇਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਗਿਲਕੋ ਵੈਲੀ ਸਥਿਤ ਪਾਰਟੀ ਦਫਤਰ ਵਿਖੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਅਤੇ ਦੋਵਾਂ ਪਾਰਟੀਆਂ ’ਤੇ ਬਿਜਲੀ ਮੁੱਦੇ ਨੂੰ ਲੈ ਕੇ ਗੰਭੀਰ ਦੋਸ਼ ਵੀ ਲਗਾਏ। ਡਾ.ਚੀਮਾ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਸੂਬੇ ਦੇ ਪ੍ਰਾਈਵੇਟ ਥਰਮਲ ਕੰਪਨੀਆਂ ਦੀ ਮੈਨੇਜਮੈਂਟ ਨੂੰ ਧਮਕੀਆਂ ਦੇ ਕੇ ਕਰੋੜਾਂ ਰੁਪਏ ਉਗਰਾਹੇ ਹਨ। ਡਾ.ਚੀਮਾ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਪ੍ਰਾਈਵੇਟ ਕੰਪਨੀਆਂ ਨਾਲ ਥਰਮਲ ਲਗਾਉਣ ਬਾਰੇ ਸਮਝੌਤੇ ਕੀਤੇ ਗਏ ਸਨ ਤਾਂ ਉਦੋਂ ਤੋਂ ਹੀ ਕਾਂਗਰਸ ਪਾਰਟੀ ਇਨ੍ਹਾਂ ਨੂੰ ਧਮਕਾਉਣ ਲੱਗ ਪਈ ਅਤੇ ਸਰਕਾਰ ਬਣਨ ਤੇ ਸਮਝੌਤੇ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੁਣ ਇਹ ਖੁਲਾਸਾ ਹੋਇਆ ਹੈ ਕਿ ਇਹ ਧਮਕੀਆਂ ਦੇ ਕੇ ਕਾਂਗਰਸ ਪਾਰਟੀ ਨੇ 16 ਕਰੋੜ 35 ਲੱਖ ਰੁਪਏ ਉਗਰਾਹ ਲਏ ਹਨ ਅਤੇ ਚੈਕਾਂ ਦੇ ਰੂਪ ਵਿਚ ਇਹ ਰਾਸ਼ੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲ ਪਹੁੰਚ ਗਈ ਹੈ। ਡਾ.ਚੀਮਾ ਨੇ ਕਿਹਾ ਕਿ ਇਹ ਖੁਲਾਾਸਾ ਹੋਣ ਤੋਂ ਬਾਅਦ ਸਮਝੌਤੇ ਕਰਨ ਤੇ ਇਨ੍ਹਾਂ ਖਿਲਾਫ ਬੋਲਣ ਵਾਲੇ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੱਧੂ ਨੇ ਵੀ ਚੁੱਪ ਵੱਟ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬੇਨਕਾਬ ਹੋ ਗਈ ਹੈ ਕਿ ਇਸਨੇ ਧਮਕੀਆਂ ਦੇ ਕੇ ਪੈਸੇ ੳਗਰਾਹੇ।
ਭਗਵੰਤ ਮਾਨ ਕੇਜਰੀਵਾਲ ਤੋਂ ਪੁੱਛੇ ਕਿ ਪੰਜਾਬ ਦੇ ਥਰਮਲ ਪਲਾਂਟ ਕਿਉਂ ਬੰਦ ਕਰਵਾਉਣਾ ਚਾਹੁੰਦਾ : ਡਾ.ਚੀਮਾ
