ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਪੰਚਕੂਲਾ ਪਹੁੰਚੇ। ਸੁਨੀਲ ਜਾਖੜ ਨੇ ਨਵਜੋਤ ਸਿੱਧੂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਜਾਖੜ ਦੇ ਘਰ ਇੱਕ ਬਹੁਤ ਹੀ ਸੁਹਾਵਣਾ ਮਾਹੌਲ ਵੇਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਨਵਜੋਤ ਸਿੱਧੂ ਨਾਲ ਮੌਜੂਦ ਸਨ। ਉਨ੍ਹਾਂ ਨਾਲ ਵਿਧਾਇਕ ਕੁਲਬੀਰ ਜ਼ੀਰਾ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਪਹੁੰਚੇ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਸਮੁੱਚੀ ਕਾਂਗਰਸ ਤੇ ਪੂਰਾ ਪੰਜਾਬ ਨਵਜੋਤ ਸਿੱਧੂ ਵੱਲ ਵੇਖ ਰਿਹਾ ਹੈ। ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੋਂ ਉਪਰ ਉੱਠ ਕੇ ਪੂਰੀ ਕਾਂਗਰਸ ਨੂੰ ਇਕੱਠਾ ਕਰਕੇ, ਅਸੀਂ ਸਫਲਤਾ ਦੀਆਂ ਸਿਖਰਾਂ ਨੂੰ ਛੂਹਾਂਗੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਨੂੰ ਮਾਰਗ ਦਰਸ਼ਨ ਦੀ ਜ਼ਰੂਰਤ ਨਹੀਂ। ਅੱਜ ਪੂਰੀ ਦੁਨੀਆ ਉਨ੍ਹਾਂ ਵੱਲ ਦੇਖ ਰਹੀ ਹੈ। ਹਰ ਕੋਈ ਪਾਰਟੀ ਵਿੱਚ ਮਿਲ ਕੇ ਕੰਮ ਕਰੇਗਾ। ਕਿਸਾਨ ਅੱਜ ਦਿੱਲੀ ਦੇ ਬਾਹਰੀ ਹਿੱਸੇ ‘ਤੇ ਬੈਠਾ ਹੈ ਤੇ ਕਿਸਾਨ ਦਾ ਬੇਟਾ ਚੀਨ ਤੇ ਪਾਕਿਸਤਾਨ ਦੀ ਸਰਹੱਦ ‘ਤੇ ਬੈਠਾ ਹੈ। ਪੰਜਾਬ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਸਾਡੀ ਜਵਾਨੀ ਦੀਆਂ ਉਮੀਦਾਂ ਨਵਜੋਤ ਸਿੱਧੂ ਵੱਲ ਹਨ। ਸਿੱਧੂ ਹਰ ਕਿਸੇ ਦੀਆਂ ਉਮੀਦਾਂ ‘ਤੇ ਖਰੇ ਉੱਤਰਨਗੇ।