ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਮਾਮ ਵਿਰੋਧ ਅਤੇ ਜਾਤੀ ਸਮੀਕਰਨ ਵਿਖਾਉਣ ਦੇ ਬਾਵਜ਼ੂਦ ਕਾਂਗਰਸ ਹਾਈ ਕਮਾਨ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ ਅਤੇ ਉਹ ਲਗਾਤਾਰ ਸਾਰੇ ਮੰਤਰੀਆਂ, ਵਿਧਾਇਕਾਂ, ਸਾਬਕਾ ਪ੍ਰਧਾਨਾਂ ਆਦਿ ਨੂੰ ਮਿਲ ਕੇ ਆਪਣਾ ਕਾਫ਼ਿਲਾ ਵੱਡਾ ਕਰ ਰਹੇ ਹਨ, ਉਸ ਨਾਲ ਕੈਪਟਨ ਦੀ ਸਥਿਤੀ ਅਸਹਿਜ ਹੁੰਦੀ ਜਾ ਰਹੀ ਹੈ।
ਦਰਅਸਲ, ਉਨ੍ਹਾਂ ਦੇ ਆਪਣੇ ਅਤੀ ਨਜ਼ਦੀਗੀ ਸਾਾਥੀ ਵੀ ਹੁਣ ਸਿੱਧੂ ਖੇਮੇ ’ਚ ਵਿਖਾਈ ਦੇ ਰਹੇ ਹਨ। ਅਜਿਹਾ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਸਗੋਂ 1997 ਤੋਂ ਹੀ ਉਹ ਸੱਤਾ ਸੰਘਰਸ਼ ’ਚ ਅਜਿਹੇ ਹੀ ਸਮੇਂ ’ਚੋਂ ਲੰਘ ਰਹੇ ਹਨ ਪਰ ਕੈਪਟਨ ਦੀ ਜੋ ਸਥਿਤੀ ਅੱਜ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਹੋਈ। ਅਜਿਹੇ ’ਚ ਉਨ੍ਹਾਂ ਦੇ ਕੋਲ ਸਿੱਧੂ ਖ਼ਿਲਾਫ਼ ਲੜਾਈ ਦੇ ਕੀ ਬਦਲ ਰਹਿ ਜਾਂਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਣਗੇ, 80 ’ਚੋਂ 65 ਵਿਧਾਇਕ ਉਨ੍ਹਾਂ ਦੇ ਨਾਲ ਹੋਣਗੇ। ਇਹ ਠੀਕ ਉਸੇ ਤਰ੍ਹਾਂ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਤਰ੍ਹਾਂ ਦਾ ਸੰਘਰਸ਼ ਕਰਕੇ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਧਾਨਗੀ ਖੋਹੀ ਸੀ। ਉਦੋਂ ਵੀ ਲਗਭਗ ਸਾਰੇ ਵਿਧਾਇਕ ਬਾਜਵਾ ਦੇ ਨਾਲ ਨਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ’ਚ ਚਲੇ ਗਏ ਸਨ, ਕਿਉਂਕਿ ਉਹ ਜਾਣਦੇ ਸਨ ਕਿ ਆਉਣ ਵਾਲਾ ਸਮਾਂ ਕੈਪਟਨ ਦਾ ਹੈ। ਤਾਂ ਕੀ ਹੁਣ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਇਹ ਲੱਗਣ ਲੱਗਿਆ ਹੈ ਕਿ ਕਾਂਗਰਸ ਦਾ ਸੂਰਜ ਹੁਣ ਨਵਜੋਤ ਸਿੰਘ ਸਿੱਧੂ ਦੇ ਰੂਪ ’ਚ ਉਦੈ ਹੋ ਰਿਹਾ ਹੈ।