ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਵਿਚ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਵਾਏ ਜਾਣ ਦੌਰਾਨ ਅੱਜ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਉਪਰੰਤ ਪ੍ਰਧਾਨ ਮੰਤਰੀ ਨੇ ਕਾਂਗਰਸ ਸਣੇ ਕੁਝ ਹੋਰ ਵਿਰੋਧੀ ਪਾਰਟੀਆਂ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਦਲਿਤ, ਕਬਾਇਲੀ, ਹੋਰ ਪੱਛੜੀਆਂ ਸ਼੍ਰੇਣੀਆਂ ਤੇ ਮਹਿਲਾ ਮੰਤਰੀਆਂ ਦੀ ਜਾਣ-ਪਛਾਣ ਇੱਥੇ ਕਰਵਾਈ ਜਾਵੇ। ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਵਾਉਣ ਲਈ ਪ੍ਰਧਾਨ ਮੰਤਰੀ ਜਿਵੇਂ ਹੀ ਖੜ੍ਹੇ ਹੋਏ, ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਸ਼ਾਂਤ ਹੋਣ ਤੇ ਮੰਤਰੀਆਂ ਦੀ ਜਾਣ-ਪਛਾਣ ਕਰਵਾਉਣ ਦੇਣ ਦੀ ਅਪੀਲ ਕੀਤੀ। ਉਪਰੰਤ ਪ੍ਰਧਾਨ ਮੰਤਰੀ ਨੇ ਸਪੀਕਰ ਨੂੰ ਕਿਹਾ, ‘‘ਨਵੇਂ ਮੰਤਰੀਆਂ ਦੀ ਜਾਣ-ਪਛਾਣ ਹੋ ਗਈ ਸਮਝੋ।’’ ਉਨ੍ਹਾਂ ਕਿਹਾ, ‘‘ਮੈਂ ਮੰਤਰੀਆਂ ਦੀ ਸੂਚੀ ਸਦਨ ਅੱਗੇ ਪੇਸ਼ ਕਰਦਾ ਹਾਂ।’’ ਨਵੇਂ ਮੰਤਰੀਆਂ ਦੀ ਦੋਵਾਂ ਸਦਨਾਂ ’ਚ ਪਛਾਣ ਕਰਵਾਉਣ ਵਿੱਚ ਅੜਿੱਕਾ ਪਾਉਣ ’ਤੇ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੰਸਦ ਵਿੱਚ ਅਜਿਹੀ ‘ਨਾਂਹਪੱਖੀ ਮਾਨਸਿਕਤਾ’ ਪਹਿਲੀ ਵਾਰ ਦੇਖੀ ਗਈ ਹੈ।
ਮੌਨਸੂਨ ਸੈਸ਼ਨ: ਨਵੇਂ ਮੰਤਰੀਆਂ ਦੀ ਜਾਣ-ਪਛਾਣ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਹੰਗਾਮਾ
