ਬੀਜਿੰਗ- ਲੱਦਾਖ ਵਿੱਚ ਭਾਰਤ ਨਾਲ ਚੱਲ ਰਹੇ ਸਰਹੱਦ ਬਾਰੇ ਵਿਵਾਦ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਤਿੱਬਤ ਦੇ ਸ਼ਹਿਰ ਨਿੰਗਚੀ ਦਾ ਅਚਾਨਕ ਦੌਰਾ ਕੀਤਾ, ਜਿਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। 20 ਜੁਲਾਈ ਨੂੰ ਕੀਤੇ ਗਏ ਜਿਨਪਿੰਗ ਦੇ ਇਸ ਦੌਰੇ ਦੀ ਜਾਣਕਾਰੀ ਮੀਡੀਆ ਨੂੰ ਦੋ ਦਿਨ ਬਾਅਦ ਮਿਲੀ ਦੱਸੀ ਗਈ ਹੈ। ਇਸ ਸ਼ਹਿਰ ਵਿੱਚਕਿਸੇ ਵੀ ਚੀਨੀ ਰਾਸ਼ਟਰਪਤੀ ਦੀ ਇਹ ਪਹਿਲੀ ਯਾਤਰਾ ਹੈ। ਯਾਤਰਾ ਦੌਰਾਨ ਜਿਨਪਿੰਗ ਨੇ ਨਿੰਗਚੀ ਨਦੀ ਦੇ ਪੁਲ ਅਤੇ ਬ੍ਰਹਮਪੁਤਰ ਨਦੀ ਦੇ ਬੇਸਿਨ ਦਾ ਨਿਰੀਖਣ ਕੀਤਾ, ਜਿਸ ਨੂੰ ਤਿੱਬਤੀ ਭਾਸ਼ਾ ਵਿੱਚ ਯਰਲੁੰਗ ਤਸੰਗਪੋ ਕਿਹਾ ਜਾਂਦਾ ਹੈ। ਚੀਨ ਨੇ ਇੱਥੇ 14ਵੀਂ ਪੰਜ ਸਾਲਾ ਯੋਜਨਾ ਵਿੱਚ ਇੱਕ ਵੱਡੇ ਬੰਨ੍ਹ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਹੈ। ਇਹ ਬੰਨ੍ਹ ਭਾਰਤ ਤੇ ਬੰਗਲਾਦੇਸ਼ ਦੋਵਾਂ ਦੇ ਸਰਹੱਦੀ ਰਾਜਾਂ ਲਈ ਚਿੰਤਾ ਦਾ ਵਿਸ਼ਾ ਹੈ। ਭਾਰਤ-ਚੀਨ ਵਿਵਾਦ ਵਿਚਾਲੇ ਜਿਨਪਿੰਗ ਦੀ ਇਸ ਯਾਤਰਾ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਭਾਰਤ ਤੇ ਚੀਨ ਵਿਚਾਲੇ ਲੱਦਾਖ ਸਰਹੱਦ ਉੱਤੇ ਪਿਛਲੇ ਸਾਲ ਮਈ ਤੋਂ ਵਿਵਾਦ ਚੱਲ ਰਿਹਾ ਹੈ।ਜਿਨਪਿੰਗ ਦੇ ਦੌਰੇ ਸਬੰਧੀ ਚੀਨੀ ਮੀਡੀਆ ਵਿੱਚ ਜਾਰੀ ਕੀਤੇ ਗਏ ਵੀਡੀਓ ਵਿੱਚ ਤਿੱਬਤ ਦਾ ਸਵਿਟਜ਼ਰਲੈਂਡ ਕਹੇ ਜਾਣ ਵਾਲੇ ਨਿੰਗਚੀ ਵਿੱਚ ਉਹ ਲੋਕਾਂ ਨੂੰ ਪਿਆਰ ਕਬੂਲਦੇ ਦਿਖਾਈ ਦੇ ਰਹੇ ਹਨ।
ਜਿਨਪਿੰਗ ਤਿੱਬਤ ਵਿੱਚ ਭਾਰਤ ਦੀ ਸਰਹੱਦ ਨੇੜਲੇ ਸ਼ਹਿਰ ਪੁੱਜੇ
