ਜੇਐੱਨਐੱਨ, ਚੰਡੀਗੜ੍ਹ : ਕਿਰਤੀ ਕਿਸਾਨ ਯੂਨੀਅਨ (ਕੇਕੇਯੂ) ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਜਿਸ ਵਿਚ ਉਨ੍ਹਾਂ ਨੇ ਖ਼ੁਦ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਆਖਿਆ ਸੀ, ਨੂੰ ਹੰਕਾਰ ਨਾਲ ਭਰਿਆ ਹੋਇਆ ਪ੍ਰਗਟਾਵਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ, ”ਹਾਲੇ ਤਾਂ ਉਹ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣੇ ਹਨ ਅਤੇ ਇਹ ਕੋਈ ਸੰਵਿਧਾਨਕ ਅਹੁਦਾ ਵੀ ਨਹੀਂ ਹੈ ਪਰ ਉਨ੍ਹਾਂ ਦੇ ਬਿਆਨ ਇੰਝ ਹਨ ਜਿਵੇਂ ਕਿ ਉਹ ਸਭ ਕੁਝ ਕਰ ਸਕਦੇ ਹੋਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੋਟਰ ਵਿਪ੍ਹ ਦੀ ਉਲੰਘਣਾ ਕਰ ਕੇ ਖ਼ੁਦ ਨੂੰ ਭਾਜਪਾ ਦੇ ਖੇਮੇ ਵਿਚ ਖੜ੍ਹਾ ਕਰ ਲਿਆ ਹੈ ਤੇ ਹੁਣ ਕਾਂਗਰਸੀ ਐੱਮਪੀਜ਼ ਦੇ ਵੀ ਘਿਰਾਓ ਕੀਤੇ ਜਾਣਗੇ।”
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਸਿੱਧੂ ਜਦੋਂ ਸਥਾਨਕ ਸਰਕਾਰਾਂ ਤੇ ,ਸੈਰ ਸਪਾਟਾ ਮੰਤਰੀ ਸਨ, ਉਸ ਵੇਲੇ ਉਨ੍ਹਾਂ ਦੀ ਕਾਰਗੁਜ਼ਾਰੀ ਨਖਿੱਧ ਰਹੀ ਸੀ ਕਿਉਂਕਿ ਨਾ ਤਾਂ ਉਹ ਕੇਬਲ ਮਾਫੀਆਂ ਨੂੰ ਕਾਬੂ ਕਰ ਸਕੇ ਤੇ ਨਾ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿਚ ਰੁਲ ਰਹੀ ਧਰੋਹਰ ਨੂੰ ਸੰਭਾਲ ਸਕੇ ਸਨ। ਉਨ੍ਹਾਂ ਦੱਸਿਆ ਕਿ ਤੂੜੀ ਬਜ਼ਾਰ ਵਿਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਗੁਪਤ ਟਿਕਾਣਾ ਸੀ ਜਿੱਥੇ ਸਾਂਡਰਸ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਹ ਨਿਸ਼ਾਨੇਬਾਜ਼ੀ ਕਰਦੇ ਰਹੇ। ਇਸੇ ਟਿਕਾਣੇ ਬਾਰੇ ਇਤਿਹਾਸਕਾਰ ਸ਼ਿਵ ਵਰਮਾ ਨੇ ਬਹੁਤ ਸਾਰੇ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਹਨ ਤੇ ਦਰਜਨ ਦੇ ਕਰੀਬ ਚੋਟੀ ਦੇ ਕ੍ਰਾਂਤੀਕਾਰੀ ਆਉਂਦੇ ਹੁੰਦੇ ਸਨ।