ਟੋਕੀਓ ਓਲੰਪਿਕ ’ਚ ਅਥਲੈਟਿਕਸ ਦੇ ਮੁਕਾਬਲੇ 30 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਹੁਣ ਤਕ ਹੋਈਆਂ ਸਾਰੀਆਂ ਓਲੰਪਿਕ ਖੇਡਾਂ ਵਿਚ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਟ੍ਰੈਕ ਐਂਡ ਫੀਲਡ ਦੇ ਮੁਕਾਬਲੇ ਰਹੇ ਹਨ। ਇਤਿਹਾਸ ਗਵਾਹ ਹੈ ਕਿ 776 ਬੀ.ਸੀ. ਵਿਚ ਜਦ ਪਹਿਲੀ ਵਾਰ ਓਲੰਪਿਕ ਮੁਕਾਬਲੇ ਕਰਵਾਏ ਗਏ ਸੀ ਤਾਂ ਉਸ ਸਮੇਂ ਓਲੰਪਿਕ ਇਤਿਹਾਸ ਦਾ ਸਭ ਤੋਂ ਪਹਿਲਾ ਖੇਡ ਮੁਕਾਬਲਾ 200 ਗਜ਼ ਦੀ ਸਟੇਡ ਦੌੜ ਸੀ।
ਇਸ ਵਾਰ ਓਲੰਪਿਕ ’ਚ ਭਾਰਤੀ ਅਥਲੀਟਾਂ ਦੀ ਮਜ਼ਬੂਤ ਦਾਅਵੇਦਾਰੀ ਦੇਖਣ ਨੂੰ ਮਿਲੇਗੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ.ਆਈ.) ਨੇ ਭਾਰਤੀ ਅਥਲੀਟਾਂ ਦਾ 26 ਮੈਂਬਰੀ ਦਲ ਟੋਕੀਓ ਓਲੰਪਿਕ ਖੇਡਾਂ ਲਈ ਭੇਜਿਆ ਹੈ। ਇਸ ਦਲ ’ਚ 16 ਅਥਲੀਟ ਵਿਅਕਤੀਗਤ ਮੁਕਾਬਲਿਆਂ ਵਿਚ ਹਿੱਸਾ ਲੈਣਗੇ ਜਦੋਂਕਿ ਰਿਲੇਅ ਦੌੜਾਂ ਜਿਨ੍ਹਾਂ ਨੂੰ ਅਥਲੈਟਿਕਸ ਦਾ ਟੀਮ ਈਵੈਂਟ ਵੀ ਕਿਹਾ ਜਾਂਦਾ ਹੈ, ਲਈ 10 ਅਥਲੀਟ ਚੁਣੇ ਗਏ ਹਨ। 4400 ਮੀਟਰ ਰਿਲੇਅ ਮੁਕਾਬਲੇ ਲਈ ਪੰਜ ਪੁਰਸ਼ ਦੌੜਾਕ ਤੇ ਦੋ ਪੁਰਸ਼ ਅਤੇ ਤਿੰਨ ਮਹਿਲਾ ਦੌੜਾਕ ਮਿਕਸਡ 4400 ਮੀਟਰ ਰਿਲੇਅ ਵਿਚ ਸ਼ਾਮਲ ਕੀਤੇ ਗਏ ਹਨ। ਵਿਅਕਤੀਗਤ ਮੁਕਾਬਲਿਆਂ ਲਈ ਪੁਰਸ਼ ਵਰਗ ਲਈ ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ ਥ੍ਰੋ), ਨੀਰਜ ਚੋਪੜਾ ਅਤੇ ਸਵਿਪਾਲ ਸਿੰਘ (ਜੈਵਲਿਨ ਥ੍ਰੋ), ਅਵਿਨਾਸ਼ ਸਾਬਲ (3000 ਮੀਟਰ ਸਟੀਪਲਚੇਸ), ਐੱਮ. ਪੀ. ਜਬੀਰ (400 ਮੀਟਰ ਹਰਡਲ), ਐੱਮ. ਸ੍ਰੀ ਸ਼ੰਕਰ (ਲੰਬੀ ਛਾਲ), ਕੇ.ਟੀ. ਇਰਫ਼ਾਨ, ਸੰਦੀਪ ਕੁਮਾਰ ਤੇ ਰਾਹੁਲ ਰੋਹਿਲਾ (20 ਕਿਲੋਮੀਟਰ ਵਾਕ) ਤੇ ਗੁਰਪ੍ਰੀਤ ਸਿੰਘ (50 ਕਿਲੋਮੀਟਰ ਪੈਦਲ) ਨੇ ਓਲੰਪਿਕ ਲਈ ਕੁਆਲਫਾਈ ਕੀਤਾ ਹੈ। ਇਸੇ ਤਰ੍ਹਾਂ ਰਿਲੇਅ ਦੌੜਾਂ ’ਚ ਅਮੋਜ ਜੈਕਬ, ਅਰੁਕਿਆ ਰਾਜੀਵ, ਮੁਹੰਮਦ ਅਨਸ, ਨਾਗਨਾਥਨ ਪਾਂਡੀ ਤੇ ਨੋਹ ਨਿਰਮਲ ਟੌਮ (4400 ਮੀਟਰ) ਪੁਰਸ਼ ਰਿਲੇਅ ਲਈ ਕੁਆਲੀਫਾਈ ਹੋਏ ਹਨ। 4400 ਮੀਟਰ ਮਿਕਸਡ ਰਿਲੇਅ ਲਈ ਮਰਦਾਂ ’ਚੋਂ ਸਾਰਥਕ ਭਾਂਬਰੀ ਤੇ ਐਲੈਕਸ ਐਂਟਨੀ ਨੇ ਟੋਕੀਓ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਸ ਵਾਰ ਭਾਰਤੀ ਮਹਿਲਾ ਅਥਲੈਟਿਕਸ ਟੀਮ ਕਾਫ਼ੀ ਮਜ਼ਬੂਤ ਦਿਸ ਰਹੀ ਹੈ। ਭਾਰਤੀ ਸਪਰਿੰਟਰ ਦੁਤੀ ਚੰਦ 100 ਤੇ 200 ਮੀਟਰ ਵਿਚ ਹਿੱਸਾ ਲੈ ਰਹੇ ਹਨ। ਥਰੋਆਂ ਵਿਚ ਕਮਲਪ੍ਰੀਤ ਕੌਰ ਤੇ ਸੀਮਾ ਅੰਟੀਲ ਪੂਨੀਆ (ਡਿਸਕਸ ਥ੍ਰੋ), ਅਨੂ ਰਾਣੀ (ਜੈਵਲਿਨ ਥ੍ਰੋ) ਵਿਚ ਹਿੱਸਾ ਲੈ ਰਹੇ ਹਨ। ਭਾਵਨਾ ਜਾਟ ਅਤੇ ਪਿ੍ਰਯੰਕਾ ਗੋਸਵਾਮੀ (20 ਕਿਲੋਮੀਟਰ ਪੈਦਲ ਚਾਲ), ਰੇਵਤੀ ਵੀਰਮਣੀ, ਸੁਭਾ ਵੈਂਕਟੇਸਨ ਅਤੇ ਧਨਲਕਸ਼ਮੀ ਸ਼ੇਖ਼ਰ (4 400) ਮਿਕਸਡ ਰਿਲੇਅ ’ਚ ਦਾਅਵੇਦਾਰੀ ਪੇਸ਼ ਕਰਨਗੀਆਂ।