ਓਟਵਾ: ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨਜ਼ ਕੋਵਿਡ-19 ਵੇਰੀਐਂਟਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੈਕਸੀਨੇਸ਼ਨ ਨੂੰ ਲਾਜ਼ਮੀ ਕਰਨ ਦੇ ਪੱਖ ਵਿੱਚ ਹਨ।
ਇਸ ਸਰਵੇਖਣ ਵਿੱਚ ਪਾਇਆ ਗਿਆ ਕਿ 53 ਫੀ ਸਦੀ ਕੈਨੇਡੀਅਨ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਹੱਕ ਵਿੱਚ ਹਨ, 21 ਫੀ ਸਦੀ ਕੁੱਝ ਹੱਦ ਤੱਕ ਇਸ ਦੇ ਹੱਕ ਵਿੱਚ ਹਨ ਜਦਕਿ 16 ਫੀ ਸਦੀ ਇਸ ਦੇ ਖਿਲਾਫ ਹਨ, ਅੱਠ ਫੀ ਸਦੀ ਕੁੱਝ ਹੱਦ ਤੱਕ ਵਿਰੋਧ ਵਿੱਚ ਹਨ ਤੇ 2 ਫੀ ਸਦੀ ਨੂੰ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਹੈ ਕਿ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।
ਬ੍ਰਿਟਿਸ਼ ਕੋਲੰਬੀਆ ਤੇ ਐਟਲਾਂਟਿਕ ਕੈਨੇਡਾ ਦੇ ਮੁਕਾਬਲੇ ਕਿਊਬਿਕ ਤੇ ਓਨਟਾਰੀਓ ਵਾਸੀ ਵੈਕਸੀਨੇਸ਼ਨ ਕਰਵਾਏ ਜਾਣ ਦੇ ਹੱਕ ਵਿੱਚ ਹਨ।55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਕਰਵਾਏ ਜਾਣ ਪ੍ਰਤੀ ਸਕਾਰਾਤਮਕ ਰੁਝਾਨ ਪਾਇਆ ਗਿਆ ਜਦਕਿ 18 ਸਾਲ ਤੋਂ 54 ਸਾਲ ਦੇ ਉਮਰ ਵਰਗ ਵਿੱਚ ਇਸ ਪ੍ਰਤੀ ਘੱਟ ਰੁਝਾਨ ਵੇਖਣ ਨੂੰ ਮਿਲਿਆ। ਵੈਕਸੀਨੇਸ਼ਨ ਲਈ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਵੱਲੋਂ ਵੱਖਰੀ ਪਹੁੰਚ ਅਪਣਾਈ ਜਾ ਰਹੀ ਹੈ।
ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਰੀਜਨ ਵਿੱਚ ਕੋਵਿਡ-19 ਦੇ ਮਾਮਲੇ ਜਿ਼ਆਦਾ ਪਾਏ ਜਾਣ ਕਾਰਨ ਹੁਣ ਵੈਕਸੀਨ ਪਾਸਪੋਰਟ ਜ਼ਰੂਰੀ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਹ ਆਖਿਆ ਗਿਆ ਕਿ ਉਹ ਫੈਡਰਲ ਕੰਮ ਵਾਲੀਆਂ ਥਾਂਵਾਂ ਜਾਂ ਫੈਡਰਲ ਪੱਧਰ ਉੱਤੇ ਨਿਯੰਤਰਿਤ ਹੋਣ ਵਾਲੀਆਂ ਇੰਡਸਟਰੀਜ਼ ਜਿਵੇਂ ਕਿ ਬੈਂਕ, ਰੇਲ, ਏਅਰ ਟਰੈਵਲ ਤੇ ਪਾਰਲੀਆਮੈਂਟ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਬਾਰੇ ਵਿਚਾਰ ਕਰ ਰਹੇ ਹਨ।
ਇਸ ਦੇ ਨਾਲ ਹੀ 9 ਅਗਸਤ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨਜ਼ ਨੂੰ ਗੈਰ ਜ਼ਰੂਰੀ ਕਾਰਨਾਂ ਲਈ ਕੈਨੇਡਾ ਦਾਖਲ ਹੋਣ ਦੇਣ ਦੇ ਸਰਕਾਰ ਦੇ ਫੈਸਲੇ ਉੱਤੇ ਵੀ ਕੈਨੇਡੀਅਨ ਵੰਡੇ ਹੋਏ ਨਜ਼ਰ ਆਏ। ਸਰਵੇਖਣ ਵਿੱਚ ਪਾਇਆ ਗਿਆ ਕਿ ਇਸ ਫੈਸਲੇ ਤੋਂ 23 ਫੀ ਸਦੀ ਕੈਨੇਡੀਅਨ ਚਿੰਤਤ ਹਨ, 27 ਫੀ ਸਦੀ ਕਿਸੇ ਹੱਦ ਤੱਕ ਚਿੰਤਤ ਹਨ ਜਦਕਿ 33 ਫੀ ਸਦੀ ਬਿਲਕੁਲ ਵੀ ਚਿੰਤਤ ਨਹੀਂ ਹਨ। ਬਾਕੀ ਦੇ 18 ਫੀ ਸਦੀ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਫੀ ਸਦੀ ਇਸ ਬਾਰੇ ਕੋਈ ਪੱਕੀ ਰਾਇ ਨਹੀਂ ਰੱਖਦੇ।
ਲਾਜ਼ਮੀ ਵੈਕਸੀਨੇਸ਼ਨ ਦੇ ਹੱਕ ਵਿੱਚ ਹਨ ਬਹੁਗਿਣਤੀ ਕੈਨੇਡੀਅਨਜ਼ : ਰਿਪੋਰਟ
