ਵਾਸਿ਼ੰਗਟਨ: ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨ ਨਾਗਰਿਕਾਂ ਤੇ ਪਰਮਾਨੈਂਟ ਰੈਜ਼ੀਡੈਂਟਸ ਲਈ ਕੈਨੇਡਾ ਵੱਲੋਂ ਅੱਜ ਤੋਂ ਆਪਣੇ ਬਾਰਡਰ ਖੋਲ੍ਹ ਦਿੱਤੇ ਗਏ ਹਨ ਜਦਕਿ ਅਮਰੀਕਾ ਅਜੇ ਇਸ ਮਾਮਲੇ ਵਿੱਚ ਚੁੱਪ ਧਾਰੀ ਬੈਠਾ ਹੈ।
ਅਮਰੀਕਾ ਤੋਂ ਗੈਰ ਜ਼ਰੂਰੀ ਟਰੈਵਲ ਲਈ ਕੈਨੇਡਾ ਆਉਣ ਵਾਲੇ ਲੋਕਾਂ ਲਈ ਐਤਵਾਰ ਰਾਤ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਪਰ ਇਨ੍ਹਾਂ ਟਰੈਵਲਰਜ਼ ਲਈ ਸ਼ਰਤ ਇਹ ਰੱਖੀ ਗਈ ਹੈ ਕਿ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜ਼ਾਂ ਇਨ੍ਹਾਂ ਨੇ ਲਵਾਈਆਂ ਹੋਣ।
ਕੈਨੇਡਾ ਅੰਦਰ ਦਾਖਲ ਹੋਣ ਲਈ ਇਨ੍ਹਾਂ ਟਰੈਵਲਰਜ਼ ਦਾ ਅਮਰੀਕਾ ਵਿੱਚ ਰਹਿੰਦੇ ਹੋਣਾ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਆਪਣੀ ਵੈਕਸੀਨ ਦੀ ਆਖਰੀ ਡੋਜ਼ ਲਵਾਇਆਂ ਨੂੰ 14 ਦਿਨ ਦਾ ਸਮਾਂ ਪੂਰਾ ਹੋ ਗਿਆ ਹੋਣਾ ਚਾਹੀਦਾ ਹੈ। ਬਾਰਡਰ ਉੱਤੇ ਇਨ੍ਹਾਂ ਅਮੈਰੀਕਨ ਟਰੈਵਲਰਜ਼ ਨੂੰ ਕੋਵਿਡ-19 ਸਬੰਧੀ 72 ਘੰਟੇ ਦੇ ਅੰਦਰ ਕਰਵਾਏ ਮੌਲੀਕਿਊਲਰ ਟੈਸਟ ਦੇ ਨੈਗੇਟਿਵ ਹੋਣ ਦਾ ਸਬੂਤ ਵੀ ਦੇਣਾ ਹੋਵੇਗਾ।
ਆਪਣੀ ਵੈਕਸੀਨੇਸ਼ਨ ਸਬੰਧੀ ਹੋਰ ਵੇਰਵੇ ਅਪਲੋਡ ਕਰਨ ਵਾਸਤੇ ਇਹ ਟਰੈਵਲਰਜ਼ ਐਰਾਈਵਕੈਨ ਐਪ ਜਾਂ ਆਨਲਾਈਨ ਵੈੱਬ ਪਰਟਲ ਦੀ ਵਰਤੋਂ ਕਰ ਸਕਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵੱਲੋਂ ਚਾਰ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਫਾਈਜ਼ਰ-ਬਾਇਓਐਨਟੈਕ, ਮੌਡਰਨਾ, ਆਕਸਫੋਰਡ-ਐਸਟ੍ਰਾਜ਼ੈਨੇਕਾ (ਜਿਸ ਨੂੰ ਕੋਵੀਸ਼ੀਲਡ ਵੀ ਆਖਿਆ ਜਾਂਦਾ ਹੈ) ਤੇ ਜੌਹਨਸਨ ਐਂਡ ਜੌਹਨਸਨ (ਸਿੰਗਲ ਡੋਜ਼) ਸ਼ਾਮਲ ਹਨ।
ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨ ਟਰੈਵਲਰਜ਼ ਲਈ ਕੈਨੇਡਾ ਨੇ ਖੋਲ੍ਹੇ ਆਪਣੇ ਬਾਰਡਰ
