ਜਿੰਨਾਂ ਚਿਰ ਸੁਰੱਖਿਅਤ ਹੋਵੇਗਾ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਕੋਸਿ਼ਸ਼ ਕਰਾਂਗੇ : ਸੱਜਣ

ਓਟਵਾ: ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇੱਕ ਨਿਊਂਜ਼ ਕਾਨਫਰੰਸ ਵਿੱਚ ਆਖਿਆ ਕਿ ਕੈਨੇਡਾ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਸਿ਼ਸ਼ਾਂ ਓਨੀ ਦੇਰ ਹੀ ਜਾਰੀ ਰੱਖੇਗਾ ਜਿੰਨਾਂ ਚਿਰ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ।
ਜਿ਼ਕਰਯੋਗ ਹੈ ਕਿ ਕੈਨੇਡਾ ਅਫਗਾਨਿਸਤਾਨ ਤੋਂ 1100 ਤੋਂ ਵੀ ਵੱਧ ਲੋਕਾਂ ਨੂੰ ਬਾਹਰ ਕੱਢ ਚੁੱਕਿਆ ਹੈ, ਇਨ੍ਹਾਂ ਵਿੱਚ ਕੈਨੇਡੀਅਨ ਨਾਗਰਿਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਅਫਗਾਨੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨੀ ਨਾਗਰਿਕਾਂ ਨੂੰ ਓਟਵਾ ਵੱਲੋਂ ਆਪਣੀ ਮਦਦ ਬਦਲੇ ਕੈਨੇਡਾ ਵਿੱਚ ਮੁੜ ਵਸਾਉਣ ਦਾ ਵਾਅਦਾ ਕੀਤਾ ਗਿਆ ਸੀ। ਸੱਜਣ ਨੇ ਆਖਿਆ ਕਿ ਕਾਬੁਲ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ ਪਰ ਕੈਨੇਡੀਅਨ ਕਰਮਚਾਰੀ ਵੀ ਜੋ ਕੁੱਝ ਉਨ੍ਹਾਂ ਦੇ ਵੱਸ ਵਿੱਚ ਹੈ ਉਹ ਕਰਨ ਦੀ ਕੋਸਿ਼ਸ਼ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਸਾਡੀਆਂ ਫੌਜੀ ਟੁਕੜੀਆਂ ਨੂੰ ਕਾਬੁਲ ਦੇ ਏਅਰਪੋਰਟ ਦੁਆਲੇ ਬਣੀ ਹਿੰਸਕ ਤੇ ਭੀੜ ਭਾੜ ਵਾਲੀ ਸਥਿਤੀ ਕਾਰਨ ਕਾਫੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਸੱਜਣ ਨਾਲ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ, ਵਿਦੇਸ਼ ਮੰਤਰੀ ਮਾਰਕ ਗਾਰਨਿਊ, ਵੁਮਨ ਤੇ ਜੈਂਡਰ ਇਕੁਆਲਿਟੀ ਮੰਤਰੀ ਮਰੀਅਮ ਮੁਨਸਫ ਵੀ ਹਾਜ਼ਰ ਸਨ। ਗਾਰਨਿਊ ਨੇ ਆਖਿਆ ਕਿ ਕਾਬੁਲ ਤੋਂ ਬਾਹਰ ਆ ਰਹੀਆਂ ਖਬਰਾਂ ਕਾਫੀ ਹੌਲਨਾਕ ਹਨ। ਲੋਕ ਡਰੇ ਹੋਏ ਹਨ। ਉਨ੍ਹਾਂ ਦੀਆਂ ਜਿ਼ੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ ਤੇ ਉਹ ਉੱਥੋਂ ਨਿਕਲਣ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ।
ਮੈਂਡੀਸਿਨੋ ਨੇ ਆਖਿਆ ਕਿ ਕੈਨੇਡੀਅਨ ਫੌਜੀ ਟੁਕੜੀਆਂ ਨੂੰ ਹਾਲਾਤ ਮੁਤਾਬਕ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਦੀ ਪੂਰੀ ਖੁੱਲ੍ਹ ਹੈ। ਅਸੀਂ ਫਿਰ ਵੀ ਫੂਕ ਫੂਕ ਕੇ ਪੈਰ ਰੱਖ ਰਹੇ ਹਾਂ। ਪਾਰਲੀਆਮੈਂਟ ਵਿੱਚ ਚੁਣੀ ਗਈ ਅਫਗਾਨੀ ਮੂਲ ਦੀ ਪਹਿਲੀ ਕੈਨੇਡੀਅਨ ਮਰੀਅਮ ਮੁਨਸਫ ਨੇ ਆਖਿਆ ਕਿ ਕਾਬੁਲ ਵਿਚਲੇ ਇਸ ਘੜਮੱਸ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਉਨ੍ਹਾਂ ਆਖਿਆ ਕਿ ਉਹ ਆਪਣੇ ਕੈਨੇਡਾ ਵਿਚਲੇ ਸਹਿਯੋਗੀਆਂ ਦੀ ਮਦਦ ਨਾਲ ਇੱਥੇ ਤੇ ਦੁਨੀਆ ਭਰ ਵਿੱਚ ਅਫਗਾਨੀ ਮਹਿਲਾਵਾਂ, ਲੜਕੀਆਂ ਤੇ ਘੱਟ ਗਿਣਤੀਆਂ ਦੀ ਆਵਾਜ਼ ਪਹੁੰਚਾਉਣ ਦੀ ਕੋਸਿ਼ਸ਼ ਕਰੇਗੀ। ਉਨ੍ਹਾਂ ਆਖਿਆ ਕਿ ਇਹ ਤਾਲਿਬਾਨ ਵੀ 20 ਸਾਲ ਪੁਰਾਣੇ ਤਾਲਿਬਾਨ ਵਰਗਾ ਹੀ ਹੈ।ਇਸ ਲਈ ਜਲਦ ਤੋਂ ਜਲਦ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਣਾ ਬੇਹੱਦ ਜ਼ਰੂਰੀ ਹੈ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat