ਕਾਬੁਲ, ਜੇਐਨਐਨ : ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਿਥੇ ਸਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ ਉਥੇ ਹੀ ਮਰਦ ਵੀ ਇਸ ਤੋਂ ਅਲੱਗ ਨਹੀਂ ਹਨ। ਔਰਤਾਂ ਲਈ ਜਿਥੇ ਤਾਲਿਬਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਬੁਰਕਾ ਜਾਂ ਹਿਜਾਬ ਵਿਚੋਂ ਕਿਸੇ ਇਕ ਦੀ ਚੋਣ ਕਰ ਸਕਦੀਆਂ ਹਨ। ਇਸਦੇ ਨਾਲ ਹੀ ਮਰਦਾਂ ਲਈ ਵੀ ਹੁਣ ਡ੍ਰੈੱਸ ਕੋਡ ਤਿਆਰ ਹੋ ਰਿਹਾ ਹੈ। ਪਰ ਤਾਲਿਬਾਨ ਦੀ ਜਿਸ ਤਰ੍ਹਾਂ ਪਹਿਲਾਂ ਹੀ ਹਕੂਮਤ ਰਹੀ ਹੈ ਤੇ ਜਿਵੇਂ ਦਾ ਉਨ੍ਹਾਂ ਦਾ ਸੁਭਾਅ ਰਿਹਾ ਹੈ ਉਸ ਨੂੰ ਦੇਖਦਿਆਂ ਡ੍ਰੈੱਸ ਕੋਡ ਕੱਟੜਤਾ ਦੀ ਹੀ ਚਾਦਰ ਲਏ ਹੋਏ ਹੋਵੇਗਾ। ਇਸ ਵਿਚ ਸਾਫ਼ ਹੈ ਕਿ ਅਫ਼ਗਾਨਿਸਤਾਨ ‘ਚ ਹੁਣ ਪੱਛਮੀ ਦੇਸ਼ਾਂ ਦਾ ਫੈਸ਼ਨ ਚੱਲਣ ਵਾਲਾ ਨਹੀਂ ਹੈ।
ਇਸਦੀ ਇਕ ਝਲਕ ਉਸ ਸਮੇਂ ਦਿਖਾਈ ਦਿੱਤੀ ਜਦੋਂ ਤਾਲਿਬਾਨੀਆਂ ਨੇ ਕੁਝ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਦੀ ਜ਼ਬਰਦਸਤ ਕੁੱਟਮਾਰ ਕੀਤੀ। ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਨੇ ਜੀਂਸ ਪਾਈ ਹੋਈ ਸੀ। ਅਸਲ ਵਿਚ ਕੁਝ ਨੌਜਵਾਨ ਕਾਬੁਲ ‘ਚ ਇਕੱਠੇ ਘੁੰਮਣ ਲਈ ਨਿਕਲੇ ਸੀ। ਜੀਂਸ ਪਾਏ ਇਨ੍ਹਾਂ ਨੌਜਵਾਨਾਂ ਨੂੰ ਤਾਲਿਬਾਨ ਅੱਤਵਾਦੀਆਂ ਨੇ ਘੇਰ ਲਿਆ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਕੁਝ ਨੌਜਵਾਨ ਮੌਕਾ ਪਾ ਕੇ ਭੱਜਣ ਵਿਚ ਸਫ਼ਲ ਹੋ ਗਏ, ਜਦਕਿ ਕੁਝ ਅਜਿਹਾ ਨਹੀਂ ਕਰ ਸਕੇ।