ਅਮਰੀਕਾ ਨੇ ਕਾਬੁਲ ਏਅਰਪੋਰਟ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੈਂਟਾਗਨ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸਲਾਮਕ ਸਟੇਟ-K (ISIS-K) ਨੂੰ ਨਿਸ਼ਾਨਾ ਬਣਾਉਂਦੇ ਹੋਏ ਅਫ਼ਗਾਨਿਸਤਾਨ ‘ਚ ਏਅਰ ਸਟ੍ਰਾਈਕ ਕੀਤੀ ਹੈ। ਡ੍ਰੋਨ ਨਾਲ ਕੀਤੀ ਬੰਬਾਰੀ ‘ਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਹਾਲਾਂਕਿ ਅਮਰੀਕੀ ਫ਼ੌਜ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਅਧਿਕਾਰਤ ਜਾਣਕਾਰੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਵੀਰਵਾਰ ਰਾਤ ਕਾਬੁਲ ਏਅਰਪੋਰਟ ਦੇ ਬਾਹਰ ਹੋਏ ਆਤਮਘਾਤੀ ਹਮਲਿਆਂ ‘ਚ 100 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਨ੍ਹਾਂ ਵਿਚ 13 ਅਮਰੀਕੀ ਫ਼ੌਜੀ ਵੀ ਸ਼ਾਮਲ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਉਹ ਇਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣਗੇ ਤੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਹਮਲੇ ਦੀ ਜ਼ਿੰਮੇਵਾਰੀ ਇਸਲਾਮਕ ਸਟੇਟ ਦੇ ਖੋਰਾਸਨ ਗਰੁੱਪ ਨੇ ਲਈ ਸੀ ਜਿਸ ਨੂੰ ਫਿਲਹਾਲ ਸਭ ਤੋਂ ਜ਼ਿਆਦਾ ਖੂੰਖਾਰ ਮੰਨਿਆ ਜਾਂਦਾ ਹੈ।
ਅਮਰੀਕੀ ਫ਼ੌਜ ਦੇ ਹਵਾਲੇ ਤੋਂ ਜਾਰੀ ਮੀਡੀਆ ਰਿਪੋਰਟਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ‘ਚ ਕਾਬੁਲ ਹਮਲੇ ਦਾ ਮਾਸਟਰ ਮਾਈਂਡ ਮਾਰ ਮੁਕਾਇਆ ਗਿਆ ਹੈ। ਇਹ ਹਮਲਾ ਨੰਗਰਹਾਲ ਸੂਬੇ ‘ਚ ਕੀਤਾ ਗਿਆ। ਇਹ ਇਲਾਕਾ ਇਸਲਾਮਕ ਸਟੇਟ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਹੀ ਅਮਰੀਕਾ ਨੇ 2017 ‘ਚ ਮਦਰ ਆਫ ਆਲ ਬੰਬ ਦਾ ਪ੍ਰੀਖਣ ਕੀਤਾ ਸੀ ਤੇ ਉਦੋਂ ਆਈਐੱਸ ਦੇ ਵੱਡੇ ਕਮਾਂਡਰ ਹਾਫਿਜ਼ ਸਈਦ ਖਾਨ ਨੂੰ ਮਾਰਨ ਦਾ ਦਾਅਵਾ ਕੀਤਾ ਸੀ।