ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਅਧਿਕਾਰੀਆਂ ਨੇ ਅਫ਼ਗਾਨਿਸਤਾਨ ‘ਚ ਬਹੁਤ ਹੀ ਬਚਕਾਨੇ ਤਰੀਕੇ ਨਾਲ ਤਾਲਿਬਾਨ ਨੂੰ ਅਫ਼ਗਾਨ ਨਾਗਰਿਕਾਂ ਦੇ ਨਾਵਾਂ ਦੀ ‘ਕਿਲ ਲਿਸਟ’ ਦੇ ਦਿੱਤੀ। ਅਸਲ ‘ਚ ਇਹ ਉਹ ਸੂਚੀ ਹੈ ਜਿਸ ‘ਚ ਅਫ਼ਗਾਨਾਂ ਦੇ ਨਾਂ ਤੇ ਸਾਰੇ ਵੇਰਵੇ ਸਨ ਤੇ ਉਨ੍ਹਾਂ ਨੂੰ ਸੁਰੱਖਿਅਤ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣ ਦੇਣਾ ਸੀ। ਇਹ ਉਹ ਅਫ਼ਗਾਨ ਨਾਗਰਿਕ ਹਨ ਜਿਨ੍ਹਾਂ ਨੇ ਪਿਛਲੇ 20 ਸਾਲਾਂ ‘ਚ ਅਮਰੀਕੀ ਤੇ ਉਨ੍ਹਾਂ ਦੀਆਂ ਮਿੱਤਰ ਫ਼ੌਜਾਂ ਦੀ ਮਦਦ ਕੀਤੀ ਹੈ। ਫਿਲਹਾਲ ਇਨ੍ਹਾਂ ਹੀ ਅਫ਼ਗਾਨਾਂ ਨੂੰ ਤਾਲਿਬਾਨ ਤੋਂ ਸਭ ਤੋਂ ਵੱਧ ਖ਼ਤਰਾ ਵੀ ਹੈ। ਪੋਲਿਟਿਕੋ ਦੀ ਇਕ ਧਮਾਕਾਖੇਜ਼ ਮੀਡੀਆ ਰਿਪੋਰਟ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ‘ਚ ਤਾਲਿਬਾਨਾਂ ਦਾ ਕਾਬੁਲ ਸਮੇਤ ਤਕਰੀਬਨ ਪੂਰੇ ਅਫ਼ਗਾਨਿਸਤਾਨ ‘ਤੇ ਕਬਜ਼ਾ ਹੋਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇਸ ਅੱਤਵਾਦੀ ਸੰਗਠਨ ਨੂੰ ਅਮਰੀਕੀ ਨਾਗਰਿਕਾਂ, ਗ੍ਰੀਨਕਾਰਡ ਧਾਰਕਾਂ ਤੇ ਅਮਰੀਕੀਆਂ ਦੇ ਸਹਿਯੋਗੀ ਅਫ਼ਗਾਨਾਂ ਦੇ ਨਾਵਾਂ ਦੀ ਸੂਚੀ ਸੌਂਪ ਦਿੱਤੀ ਸੀ। ਤਾਂਕਿ ਇਨ੍ਹਾਂ ਸਾਰੇ ਲੋਕਾਂ ਨੂੰ ਤਾਲਿਬਾਨ ਦੇ ਕੰਟਰੋਲ ਵਾਲੇ ਇਲਾਕਿਆਂ ‘ਚੋਂ ਨਿਕਲ ਕੇ ਕਾਬੁਲ ਸਥਿਤ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤਕ ਸੁਰੱਖਿਅਤ ਜਾਣ ਦਿੱਤਾ ਜਾਵੇ। ਹੁਣ ਵਿਸ਼ੇਸ਼ ਤੌਰ ‘ਤੇ ਅਮਰੀਕੀ ਫ਼ੌਜਾਂ ਤੇ ਹੋਰਨਾਂ ਨਾਗਰਿਕਾਂ ਦੇ ਨਾਂ ਤਾਲਿਬਾਨ ਨੂੰ ਦਿੱਤੇ ਜਾਣ ਨਾਲ ਅਮਰੀਕੀ ਸੰਸਦ ਮੈਂਬਰ ਤੇ ਫ਼ੌਜੀ ਅਧਿਕਾਰੀ ਨਾਰਾਜ਼ ਹਨ। ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਅਸਲ ‘ਚ ਅਫ਼ਗਾਨਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਹੀ ਇਕ ਸੂਚੀ ਉਨ੍ਹਾਂ ਦਾ ਕਤਲ ਕਰਨ ਦੀ ਇੱਛਾ ਰੱਖਣ ਵਾਲੇ ਤਾਲਿਬਾਨ ਨੂੰ ਦੇ ਦਿੱਤੀ ਗਈ। ਇਸ ਗੱਲ ਦੀ ਜਾਣਕਾਰੀ ਵੀ ਇਹ ਖ਼ਬਰ ਆਉਣ ਤੋਂ ਬਾਅਦ ਉਜਾਗਰ ਹੋਈ ਕਿ ਅਮਰੀਕੀਆਂ ਦੇ ਮਦਦਗਾਰ ਅਫ਼ਗਾਨਾਂ ਦੀ ਖੋਜ ‘ਚ ਤਾਲਿਬਾਨੀ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਹਨ ਤੇ ਉਨ੍ਹਾਂ ਦੀ ਹੱਤਿਆ ਕਰਨਾ ਚਾਹੁੰਦੇ ਹਨ। ਇਸ ਦਰਮਿਆਨ, ਬਰਤਾਨੀਆ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਉਹ ਕਾਬੁਲ ‘ਚ ਬੰਦ ਹੋ ਚੁੱਕੇ ਬਿ੍ਟਿਸ਼ ਦੂਤਘਰ ‘ਚ ਅਫ਼ਗਾਨ ਮੁਲਾਜ਼ਮਾਂ ਦੇ ਦਸਤਾਵੇਜ਼ ਤੇ ਨੌਕਰੀ ਦੇ ਬਿਨੈ ਦੇ ਵੇਰਵੇ ਦੇ ਮਿਲਣ ‘ਚ ਵਰਤੀ ਗਈ ਸੁਰੱਖਿਆ ਖਾਮੀ ਦੀ ਤਹਿ ‘ਚ ਜਾਣਗੇ।
ਅਮਰੀਕੀ ਸਰਕਾਰ ਨੇ ਕਾਤਲਾਂ ਨੂੰ ਦਿੱਤਾ ਮੌਤ ਦਾ ਸਾਮਾਨ
