ਵਾਸ਼ਿੰਗਟਨ : ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਬਦਨਾਮ ਹੈ। ਹੁਣ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਦੀ ਹੋਰ ਬਦਨਾਮੀ ਹੋਵੇਗੀ। ਜੰਗ ਪ੍ਰਭਾਵਿਤ ਇਸ ਦੇਸ਼ ‘ਤੇ ਤਾਲਿਬਾਨ ਦੇ ਕਬਜ਼ੇ ‘ਚ ਪਾਕਿਸਤਾਨ ਦੀ ਭੂਮਿਕਾ ਪਹਿਲਾਂ ਹੀ ਜਾਹਿਰ ਹੋ ਚੁੱਕੀ ਹੈ। ਉਸ ਨੇ ਇਸ ਅੱਤਵਾਦੀ ਜਥੇਬੰਦੀ ਲਈ ਧਨ ਦੀ ਵਿਵਸਥਾ ਕਰਨ ਦੇ ਨਾਲ ਹੀ ਨਵੀਂ ਭਰਤੀ, ਅੱਤਵਾਦੀਆਂ ਦੀ ਟ੍ਰੇਨਿੰਗ, ਹਥਿਆਰ ਤੇ ਈਂਧਨ ਮੁਹੱਈਆ ਕਰਵਾਉਣ ‘ਚ ਮਦਦ ਕੀਤੀ। ਇਹੀ ਨਹੀਂ ਤਾਲਿਬਾਨ ਵੱਲੋਂ ਹਜ਼ਾਰਾਂ ਪਾਕਿਸਤਾਨੀ ਅੱਤਵਾਦੀਆਂ ਨੇ ਵੀ ਅਫ਼ਗਾਨ ਬਲਾਂ ਨਾਲ ਸੰਘਰਸ਼ ਕੀਤਾ। ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਅਫ਼ਗਾਨ ਅਧਿਕਾਰੀਆਂ ਨੇ ਕਈ ਵਾਰ ਪਾਕਿਸਤਾਨ ਦੀਆਂ ਇਸ ਤਰ੍ਹਾਂ ਦੀਆਂ ਕਰਤੂਤਾਂ ਨੂੰ ਉਜਾਗਰ ਕੀਤਾ ਸੀ।
ਨਿਊਯਾਰਕ ਟਾਈਮਜ਼ ਅਖ਼ਬਾਰ ‘ਚ ਪਾਕਿਸਤਾਨ ਨੂੰ ਲੈ ਕੇ ਜੇਨ ਪਾਰਲੇਜ ਦਾ ਇਕ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ‘ਚ ਪਾਰਲੇਜ ਨੇ ਲਿਖਿਆ ਹੈ ਕਿ ਪਾਕਿਸਤਾਨ ਦਾ ਅਕਸ ਪੱਛਮ ‘ਚ ਪਹਿਲਾਂ ਤੋਂ ਹੀ ਡਾਵਾਂਡੋਲ ਹੈ। ਹੁਣ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਨਾਲ ਉਸ ਦਾ ਅਕਸ ਹੋਰ ਖ਼ਰਾਬ ਹੋਵੇਗਾ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਵਿਦੇਸ਼ ਵਿੱਤੀ ਮਦਦ ਦੀ ਕਮੀ ‘ਚ ਪਾਕਿਸਤਾਨ ਕਾਬੁਲ ਦੇ ਨਵੇਂ ਸ਼ਾਸਕਾਂ ਰਾਹੀਂ ਨਸ਼ੇ ਦੇ ਕਾਰੋਬਾਰ ‘ਤੇ ਨਿਰਭਰ ਹੋਵੇਗਾ। ਪਾਰਲੇਜ ਮੁਤਾਬਕ, ਅਲਕਾਇਦਾ ਤੇ ਤਾਲਿਬਾਨ ਖ਼ਿਲਾਫ਼ ਅਮਰੀਕਾ ਦੀ ਲੜਾਈ ‘ਚ ਪਾਕਿਸਤਾਨ ਭਾਈਵਾਲ ਰਿਹਾ। ਉਸ ਨੂੰ ਇਸ ਲੜਾਈ ‘ਚ ਪਿਛਲੇ ਦੋ ਦਹਾਕਿਆਂ ਦੌਰਾਨ ਅਮਰੀਕਾ ਤੋਂ ਮਦਦ ਦੇ ਰੂਪ ‘ਚ ਅਰਬਾਂ ਡਾਲਰ ਮਿਲੇ। ਬੀਤੇ ਤਿੰਨ ਮਹੀਨੇ ਦੌਰਾਨ ਜਦੋਂ ਤਾਲਿਬਾਨ ਅਫ਼ਗਾਨਿਸਤਾਨ ‘ਚ ਆਪਣਾ ਦਾਇਰਾ ਵਧਾ ਰਿਹਾ ਸੀ, ਉਦੋਂ ਪਾਕਿਸਤਾਨ ਉਸ ਹੱਦ ਵਾਲੇ ਖੇਤਰਾਂ ‘ਚ ਸੁਰੱਖਿਅਤ ਪਨਾਹ ਮੁਹੱਈਆ ਕਰਵਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਅਸਲ ‘ਚ ਪਾਕਿਸਤਾਨ ਦੀ ਜਿੱਤ ਹੈ। ਇਸ ਦੇਸ਼ ‘ਚ ਪਾਕਿਸਤਾਨ ਦੇ ਨਾਲ ਹੀ ਚੀਨ ਦਾ ਦਖ਼ਲ ਵਧ ਰਿਹਾ ਹੈ। ਕਾਬੁਲ ‘ਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਦੂਤਘਰ ਹਾਲੇ ਵੀ ਖੁੱਲ੍ਹੇ ਹੋਏ ਹਨ।