ਚੰਡੀਗਡ਼੍ਹ : ਚਾਰ ਕੈਬਨਿਟ ਮੰਤਰੀਆਂ ਤੇ ਕੁਝ ਵਿਧਾਇਕਾਂ ਵੱਲੋਂ ਮੁਡ਼ ਬਗ਼ਾਵਤੀ ਝੰਡਾ ਚੁੱਕੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਖੇਮਾ ਮਜ਼ਬੂਤ ਕਰਨ ਲੱਗੇ ਹਨ। ਹਾਲਾਂਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਡ਼ਨ ਬਾਰੇ ਦਿੱਤੇ ਬਿਆਨ ਨੇ ਕੈਪਟਨ ਧਡ਼੍ਹੇ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ, ਪਰ ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਇਨ੍ਹੀਂ ਦਿਨੀਂ ਕਾਫੀ ਸਰਗਰਮ ਹਨ।
ਜਿੱਥੇ ਵੀਰਵਾਰ ਨੂੰ ਕੈਪਟਨ ਦੇ ਖ਼ਾਸ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੀਨੀਅਰ ਆਗੂਆਂ ਨੂੰ ਰਾਤਰੀ ਭੋਜਨ ’ਤੇ ਬੁਲਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ, ਉੱਥੇ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਬੇਟੀ ਜੈ ਇੰਦਰ ਕੌਰ ਨਾਲ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਘਰ ਪੁੱਜੇ। ਕੈਪਟਨ ਦੀ ਬੀਬੀ ਭੱਠਲ ਨਾਲ ਮੁਲਾਕਾਤ ਇਸ ਲਈ ਵੀ ਅਹਿਮ ਹੈ ਕਿਉਂਕਿ ਰਾਣਾ ਗੁਰਮੀਤ ਸਿੰਘ ਸੋਢੀ ਦੇ ਡਿਨਰ ਵਿਚ ਬੀਬੀ ਭੱਠਲ ਨਹੀਂ ਪੁੱਜੇ ਸਨ। ਉੱਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰਾਂ ਦੀ ਬਿਆਨਬਾਜ਼ੀ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ, ਜਿਸ ਨਾਲ ਪਾਰਟੀ ਦੀ ਕਿਰਕਰੀ ਹੋ ਰਹੀ ਹੈ। ਇਹੀ ਨਹੀਂ ਨਵਜੋਤ ਸਿੱਧੂ ਨੇ ਇੱਟ ਨਾਲ ਇੱਟ ਖਡ਼੍ਹਕਾ ਦੇਣ ਦਾ ਬਿਆਨ ਦੇ ਕੇ ਹਾਈਕਮਾਨ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਅਜਿਹੇ ਵਿਚ ਕੈਪਟਨ ਨੂੰ ਨਵਜੋਤ ਸਿੱਧੂ ਨੂੰ ਹਾਸ਼ੀਏ ’ਤੇ ਧੱਕਣ ਦਾ ਚੰਗਾ ਮੌਕਾ ਮਿਲਿਆ ਹੈ, ਜਿਸਨੂੰ ਕੈਪਟਨ ਗੁਆਉਣਾ ਨਹੀਂ ਚਾਹੁੰਦੇ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਵਿਰੋਧੀਆਂ ਨੂੰ ਪਤਿਆਉਣਾ ਤੇ ਆਪਣੀ ਕਿਲ੍ਹੇਬੰਦੀ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋ ਦਿਨ ਪਹਿਲਾਂ ਗੰਨਾ ਕਿਸਾਨਾਂ ਨਾਲ ਮੀਟਿੰਗ ਵਿਚ ਉਨ੍ਹਾਂ ਆਪਣੇ ਧੁਰ ਵਿਰੋਧੀ ਰਹੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾ ਕੇ ਵਿਰੋਧੀ ਖੇਮੇ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ।