ਚੰਡੀਗੜ੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸੂਬਾ ਸਰਕਾਰ ਨੂੰ ਆਪਣੇ ਨਿਗਮਾਂ ਜ਼ਰੀਏ ਤੇਲ ਬੀਜ ਤੇ ਦਾਲਾਂ ਦੀਆਂ ਫ਼ਸਲਾਂ ਖ਼ਰੀਦਣੀਆਂ ਚਾਹੀਦੀਆਂ ਹਨ। ਸਿੱਧੂ ਨੇ ਇਹ ਪੱਤਰ 32 ਕਿਸਾਨ ਜਥੇਬੰਦੀਆਂ ਨਾਲ ਕੀਤੀ ਮੁਲਾਕਾਤ ਦੇ ਅਧਾਰ ’ਤੇ ਲਿਖਿਆ ਹੈ। ਉਨ੍ਹਾਂ ਨੇ ਪੱਤਰ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਚੁੱਕੇ ਗਏ ਮੁੱਦਿਆਂ ਬਾਰੇ ਅਧਿਕਾਰਤ ਤੌਰ ’ਤੇ ਜਾਣੂ ਕਰਵਾਇਆ ਹੈ। ਸਿੱਧੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦੇ ਹਿੰਸਕ ਹੋਣ ਦੌਰਾਨ ਵਾਪਰੀਆਂ ਘਟਨਾਵਾਂ ਮਗਰੋਂ ਕਾਰਕੁਨਾਂ ’ਤੇ ਦਰਜ ਹੋਈਆਂ ਐੱਫਆਈਆਰਜ਼ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਕਾਂਗਰਸ ਨੇ ਇਸ ਅੰਦੋਲਨ ਵਿਚ ਕਿਸਾਨ ਕਾਰਕੁਨਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਹੈ। ਅਸੀਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਹਾਂ ਤੇ ਐੱਮਐੱਸਪੀ ਦੀ ਗਰੰਟੀ ਮੰਗ ਰਹੇ ਕਿਸਾਨਾਂ ਦੀ ਫ਼ਸਲ ਐੱਮਐੱਸਪੀ ’ਤੇ ਖ਼ਰੀਦਣ ਨੂੰ ਯਕੀਨੀ ਬਣਾਇਆ ਹੈ। ਦੋਲਨ ਦੌਰਾਨ ਹੋਈਆਂ ਕੁਝ ਹਿੰਸਕ ਘਟਨਾਵਾਂ ਕਾਰਨ ਕਿਸਾਨਾਂ ਵਿਰੁੱਧ ਪਰਚੇ ਦਰਜ ਕੀਤੇ ਗਏ ਹਨ, ਇਹ ਪਰਚੇ ਰੱਦ ਹੋਣੇ ਚਾਹੀਦੇ ਹਨ। ਸਿੱਧੂ ਨੇ ਪੱਤਰ ਵਿਚ ਲਿਖਿਆ ਹੈ ਕਿ ਕੇਂਦਰ ਸਰਕਾਰ ਨੇ ਅਨਾਜ ਖ਼ਰੀਦ ਲਈ ਕਿਸਾਨਾਂ ਦੀ ਜ਼ਮੀਨ ਦੀ ਫ਼ਰਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਮਾਲਿਕਾਨਾ ਹੱਕ ਦੀ ਨਿਸ਼ਾਨਦੇਹੀ ਹੋ ਸਕੇ, ਕਿਸਾਨ ਇਸ ਮੰਗ ਤੋਂ ਡਰੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅੱਗੇ ਲਿਖਿਆ ਕਿ ਉਸ ਦੀ ਸਮਝ ਹੈ ਕਿ ਇਹ ਮੰਗ ਗ਼ੈਰ-ਵਾਜਿਬ ਹੈ। ਪਟੇ ’ਤੇ ਜ਼ਮੀਨ ਤੇ ਮੁਸ਼ਤਰਕਾ ਖਾਤਾ ਹੋਣ ਕਾਰਨ ਤਮਾਮ ਜ਼ਮੀਨ ਦੀ ਸਪੱਸ਼ਟ ਮਾਲਕੀ ਨਾ ਹੋਣ ਕਾਰਨ ਦਹਾਕਿਆਂ ਤੋਂ ਸੂਬੇ ਦੇ ਕਈ ਹਿੱਸਿਆਂ ਵਿਚ ਜ਼ਮੀਨ ਦੀ ਵੰਡ ਨਹੀਂ ਹੋ ਸਕੀ ਹੈ ਤੇ ਜ਼ਮੀਨਾਂ ਦੇ ਕਈ ਇਹੋ ਜਿਹੇ ਮਾਲਕ ਵੀ ਹਨ, ਜਿਹੜੇ ਵਿਦੇਸ਼ਾਂ ਵਿਚ ਹਨ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੜ ਲਿਖੀ ਮੁੱਖ ਮੰਤਰੀ ਨੂੰ ਚਿੱਠੀ, ਜਾਣੋ ਕੀ ਦਿੱਤੀ ਸਲਾਹ
