ਸ਼ਾਰਜਾਹ, 11 ਅਕਤੂਬਰ (ਏਜੰਸੀ)- ਇੱਥੇ ਖੇਡੇ ਗਏ ਆਈ.ਪੀ.ਐਲ. ਦੇ ਐਲੂਮੀਨੇਟਰ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜ਼ਰ ਬੈਂਗਲੌਰ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਬੈਂਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 7 ਵਿਕਟਾਂ ਗਵਾ ਕੇ 138 ਦੌੜਾਂ ਬਣਾਈਆਂ ਸਨ। ਜਵਾਬ ‘ਚ 139 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਦੀ ਟੀਮ ਨੇ 19.4 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 139 ਦੌੜਾਂ ਬਣਾਈਆਂ। ਕੋਲਕਾਤਾ ਨਾਈਟ ਰਾਇਡਰਜ਼ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੇ 29 ਦੌੜਾਂ ਬਣਾਈਆਂ ਤੇ ਵੈਂਕਟੇਸ਼ ਆਈਅਰ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਨਿਤਿਸ਼ ਰਾਣਾ ਨੇ 23 ਤੇ ਸੁਨੀਲ ਨਰਾਇਣ ਨੇ 26 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਇਲ ਚੈਲੰਜ਼ਰ ਬੈਂਗਲੌਰ ਟੀਮ ਦੀ ਸ਼ੁਰੂਆਤ ਹੀ ਖਰਾਬ ਰਹੀ। ਦੇਵਦਤ ਪਡੀਕਲ ਕੇਵਲ 18 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਵਿਰਾਟ ਕੋਹਲੀ ਨੇ ਟੀਮ ਲਈ ਸਭ ਤੋਂ ਵੱਧ 39 ਦੌੜਾਂ ਬਣਾਈਆਂ, ਜਿਸ ‘ਚ ਉਨ੍ਹਾਂ ਦੇ 5 ਚੌਕੇ ਸ਼ਾਮਿਲ ਰਹੇ। ਬਾਕੀ ਦੇ ਬੱਲੇਬਾਜ਼ ਫਲਾਪ ਸਾਬਤ ਹੋਏ। ਉਨ੍ਹਾਂ ਕੋਲਕਾਤਾ ਦੇ ਗੇਂਦਬਾਜ਼ਾਂ ਅੱਗੇ ਗੋਡੇ ਟੇਕ ਦਿੱਤੇ। ਬੈਂਗਲੌਰ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 7 ਵਿਕਟਾਂ ਕੇ 138 ਦੌੜਾਂ ਦਾ ਛੋਟਾ ਟੀਚਾ ਕੋਲਕਾਤਾ ਟੀਮ ਅੱਗੇ ਰੱਖਿਆ। ਕੋਲਕਾਤਾ ਦੇ ਗੇਂਦਬਾਜ਼ਾਂ ਸੁਨੀਲ ਨਰਾਇਣ ਤੇ ਲੌਕੀ ਫਰਗੂਸਨ ਨੇ ਕ੍ਰਮਵਾਰ 4 ਤੇ 2 ਵਿਕਟਾਂ ਲਈਆਂ।
