ਹਿਸਾਰ- ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਵਿਚਲੇਪਾਰਲੀਮੈਂਟ ਮੈਂਬਰ ਰਾਮਚੰਦਰ ਜਾਂਗੜਾ ਦੇ ਕੱਲ੍ਹ ਹਿਸਾਰ ਜ਼ਿਲ੍ਹੇ ਦੇ ਦੌਰੇ ਦੌਰਾਨ ਕਿਸਾਨਾਂ ਨੇ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਡਾਂਗਾਂ ਮਾਰ ਕੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਨਾਲ ਕਿਸੇ ਨੂੰ ਸੱਟ ਨਹੀਂ ਲੱਗੀ, ਪਰ ਇਸ ਮੌਕੇ ਪੁਲਸ ਵੱਲੋਂ ਕੀਤੇ ਲਾਠੀਚਾਰਜ ਵਿੱਚ ਕੁਝ ਕਿਸਾਨਾਂ ਨੂੰ ਸੱਟਾਂ ਲੱਗੀਆਂ।
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਬਣਾਏ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਹਰਿਆਣਾ ਦੀ ਸੱਤਾਧਾਰੀ ਭਾਜਪਾ ਅਤੇ ਜਨਨਾਇਕ ਪਾਰਟੀ (ਜਜਪਾ) ਦੇ ਆਗੂਆਂ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸਨ। ਪੁਲਸ ਦੇ ਅਨੁਸਾਰ ਹਿਸਾਰ ਦੇ ਨਾਰਨੌਦ ਵਿੱਚ ਕਾਲੇ ਝੰਡੇ ਲੈ ਕੇ ਪ੍ਰਦਰਸ਼ਨਕਾਰੀਆਂ ਦੇ ਇੱਕ ਗਰੁੱਪ ਨੇ ਪਾਰਲੀਮੈਂਟ ਮੈਂਬਰ ਜਾਂਗੜਾ ਦਾ ਰਸਤਾ ਰੋਕ ਦਿੱਤਾ। ਪੁਲਸ ਨੇ ਬਾਅਦ ਵਿੱਚ ਰਸਤਾ ਖੁਲ੍ਹਵਾਇਆ ਤਾਂ ਉਹ ਅੱਗੇ ਜਾਣ ਲੱਗੇ। ਇਸ ਦੌਰਾਨ ਕਿਸਾਨਾਂ ਦਾ ਪੁਲਸ ਨਾਲ ਟਕਰਾਅ ਵੀ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕੀਤਾ।
ਭਾਜਪਾ ਆਗੂ ਜਾਂਗੜਾ ਦਾ ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਪਿੰਡ ਵਿੱਚ ਵਿਸ਼ਵਕਰਮਾ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਸੀ। ਕਿਸਾਨਾਂ ਨੂੰ ਜਦੋਂ ਇਸ ਦੀ ਭਿਣਕ ਲੱਗੀ ਤਾਂ ਉਹ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਉਨ੍ਹਾਂ ਦਾ ਵਿਰੋਧ ਕਰਨ ਲਈ ਆਣ ਪੁੱਜੇ। ਉਨ੍ਹਾ ਨੇ ਕਾਲੇ ਝੰਡੇ ਫੜੇ ਹੋਏ ਸਨ ਅਤੇ ਇੱਕ ਗਲੀ, ਜਿੱਥੋਂ ਪਾਰਲੀਮੈਂਟ ਦੇ ਮੈਂਬਰ ਨੇ ਲੰਘਣਾ ਸੀ, ਟਰੈਕਟਰ ਲਾ ਕੇ ਬੰਦ ਕਰ ਦਿੱਤੀ। ਦੂਜੇ ਪਾਸੇ ਪੁਲਸ ਵੀ ਆਣ ਪਹੁੰਚੀ ਅਤੇ ਪੁਲਸ ਤੇ ਪ੍ਰਦਰਸ਼ਨਕਾਰੀਆਂ ਦੀ ਧੱਕਾ-ਮੁੱਕੀ ਹੋਈ। ਇਸਦੌਰਾਨ ਭਾਜਪਾ ਨੇਤਾ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤੇ ਪੁਲਸ ਨੇ ਲਾਠੀਚਾਰਜ ਵੀ ਕੀਤਾ, ਜਿਸ ਵਿੱਚ ਕੁਝ ਕਿਸਾਨਾਂ ਨੂੰ ਸੱਟਾਂ ਲੱਗੀਆਂ। ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਕਿਸਾਨਾਂ ਨੇ ਭਾਜਪਾ ਪਾਰਲੀਮੈਂਟ ਮੈਂਬਰ ਦੀ ਕਾਰ ਦੇ ਸ਼ੀਸ਼ੇ ਤੋੜੇ
