ਚੰਡੀਗੜ੍ਹ : ਬੇਅਦਬੀ ਤੇ ਨਸ਼ੇ ਦੇ ਮੁੱਦੇ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਮਲੇ ਤੋਂ ਇਕ ਦਿਨ ਬਾਅਦ ਆਪਣੇ ਪਹਿਲੇ ਜਨਤਕ ਪ੍ਰੋਗਰਾਮ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਸਿੱਧੂ ਨੂੰ ਕਰਾਰਾ ਜਵਾਬ ਦਿੱਤਾ। ਚੰਨੀ ਨੇ ਕਿਹਾ, ‘ਮੈਂ ਗ਼ਰੀਬ ਪਰਿਵਾਰ ਤੋਂ ਹਾਂ ਪਰ ਕਮਜ਼ੋਰ ਨਹੀਂ ਹਾਂ। ਜੋ ਵੀ ਮਸਲੇ ਹਨ (ਬੇਅਦਬੀ ਤੇ ਨਸ਼ਾ) ਉਨ੍ਹਾਂ ਨੂੰ ਮਜ਼ਬੂਤੀ ਨਾਲ ਹੱਲ ਕਰ ਕੇ ਰਹਾਂਗਾ। ਲੋਕ ਕਹਿਣਗੇ, ‘ਘਰ-ਘਰ ਵਿਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ।’
ਮੁੱਖ ਮੰਤਰੀ ਸ਼ਨਿਚਰਵਾਰ ਨੂੰ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਕਸਬਾ ਬੇਲਾ ’ਚ ਸਤਲੁਜ ਦਰਿਆ ’ਤੇ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ਼ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਉਨ੍ਹਾਂ ਕਿਹਾ, ‘ਬੇਅਦਬੀ ਦੇ ਮਾਮਲੇ ’ਚ ਐੱਸਆਈਟੀ ਦੀ ਜਾਂਚ ਤੇਜ਼ੀ ਨਾਲ ਸਹੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ। ਸਾਡੀ ਕਾਨੂੰਨੀ ਟੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਲੈਣ ’ਚ ਕਾਮਯਾਬ ਰਹੀ ਹੈ। ਪੰਜ-ਛੇ ਸਾਲਾਂ ’ਚ ਨਸ਼ੇ ਦੇ ਮੁੱਦੇ ਦੀ ਅਣਦੇਖੀ ਕੀਤੀ ਗਈ। ਪ੍ਰਮਾਤਮਾ ਨੇ ਚਾਹਿਆ ਤਾਂ ਨਸ਼ੇ ਦੀ ਇਸ ਖੇਡ ’ਚ ਸ਼ਾਮਲ ਲੋਕਾਂ ਦੀ ਫਾਈਲ 18 ਨਵੰਬਰ ਨੂੰ ਖੁੱਲ੍ਹ ਜਾਵੇਗੀ। ਡਰੱਗ ਮਾਫ਼ੀਆ ਦੀ ਰਿਪੋਰਟ ਖੁੱਲ੍ਹਣ ਨਾਲ ਕਈ ‘ਵੱਡੀਆਂ ਮੱਛੀਆਂ’ ਫੜੀਆਂ ਜਾਣਗੀਆਂ। ਮੈਂ ਨਾ ਸੌਂਵਾਂਗਾ ਤੇ ਨਾ ਹੀ ਉਨ੍ਹਾਂ ਨੂੰ ਸੌਣ ਦੇਵਾਂਗਾ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨਸ਼ੇ ’ਚ ਗ਼ਰਕ ਕਰ ਦਿੱਤੀ। ਅਜਿਹੇ ਲੋਕਾਂ ਨੂੰ ਇੱਥੇ ਹੀ ਹਿਸਾਬ ਦੇਣਾ ਪਵੇਗਾ। ਇਹ ਲੋਕ ਭੱਜਣ ਲੱਗੇ ਹਨ ਪਰ ਇਨ੍ਹਾਂ ਨੂੁੰ ਭੱਜਣ ਨਹੀਂ ਦਿੱਤਾ ਜਾਵੇਗਾ।’