ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੀ ਜਨਤਾ ’ਤੇ ਮਹਿੰਗਾਈ ਦੀ ਮਾਰ ਵਧਦੀ ਜਾ ਰਹੀ ਹੈ। ਦੇਸ਼ ’ਚ ਲਗਾਤਾਰ ਪੰਜਵੇਂ ਹਫ਼ਤੇ ਮਹਿੰਗਾਈ ’ਚ ਵਾਧਾ ਦਰਜ ਕੀਤਾ ਗਿਆ। ਸੰਖਿਆਕੀ ਬਿਊਰੋ ਤੇ ਤਾਜ਼ਾ ਅੰਕੜਿਆਂ ਮੁਤਾਬਕ ਚਾਰ ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ’ਚ ਸੰਵੇਦਨਸ਼ੀਲ ਮੁੱਲ ਸੂਚਕਅੰਕ ’ਚ 0.67 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਬਿਜਲੀ ਵੀ ਮਹਿੰਗੀ ਕਰ ਦਿੱਤੀ ਗਈ। ਘਰੇਲੂ ਖਪਤਕਾਰਾਂ ਲਈ ਬਿਜਲੀ ਦੀ ਕੀਮਤ ’ਚ 1.68 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਇਕ ਦਿਨ ਪਹਿਲਾਂ ਹੀ ਪੈਟਰੋਲ ਅੱਠ ਰੁਪਏ ਪ੍ਰਤੀ ਲੀਟਰ ਮਹਿੰਗਾ ਕੀਤਾ ਗਿਆ ਸੀ। ਇਸ ਨਾਲ ਪੈਟਰੋਲ 146 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦੋਂਕਿ ਖੰਡ 150 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ। ਡਾਨ ਅਖ਼ਬਾਰ ਮੁਤਾਬਕ ਦੇਸ਼ ’ਚ ਵਧਦੀ ਮਹਿੰਗਾਈ ਵਿਚਾਲੇ ਕੌਮੀ ਬਿਜਲਈ ਊਰਜਾ ਰੈਗੂਲੇਟਰੀ ਨੇ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ ਬਿਜਲੀ ਦੇ ਮੁੱਲ ’ਚ 1.68 ਰੁਪਏ ਦਾ ਵਾਧਾ ਕਰ ਦਿੱਤਾ ਹੈ। ਦੇਸ਼ ’ਚ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵੀ ਵਾਧੇ ਦਾ ਦੌਰ ਜਾਰੀ ਹੈ। ਬੀਤੇ ਹਫ਼ਤੇ ਦੌਰਾਨ 51 ਵਸਤੂਆਂ ’ਚੋਂ 28 ਦੀ ਕੀਮਤ ਵਧੀ ਜਦੋਂ ਕਿ 20 ਵਸਤੂਆਂ ਦੀ ਕੀਮਤ ਸਥਿਰ ਰਹੀ।
ਪਾਕਿਸਤਾਨ ’ਚ ਮਹਿੰਗਾਈ ਦੀ ਮਾਰ, ਪੈਟਰੋਲ ਤੋਂ ਬਾਅਦ ਹੁਣ ਬਿਜਲੀ ਵੀ ਮਹਿੰਗੀ
