ਵਾਸ਼ਿੰਗਟਨ- ਪੈਗਾਸਸ ਸਪਾਈਵੇਅਰ ਬਣਾਉਣ ਵਾਲੀ ਇਜ਼ਰਾਈਲ ਦੀ ਇੱਕ ਕੰਪਨੀ ਨੂੰ ਅਮਰੀਕੀ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਕੰਪਨੀਆਂ ਵਿੱਚ ਪਾ ਦਿੱਤਾ ਹੈ। ਕੰਪਨੀ ਦਾ ਉਦੇਸ਼ ਇਸ ਸਾਫ਼ਟਵੇਅਰ ਰਾਹੀਂ ਪੱਤਰਕਾਰਾਂ ਅਤੇ ਅਧਿਕਾਰੀਆਂ ਦੀ ਨਿਗਰਾਨੀ ਕਰਨਾ ਸੀ।
ਇਸਰਾਈਲ ਦੀ ਕੰਪਨੀ ਐਨ ਐਸ ਓ ਆਪਣੇ ਪੈਗਾਸਸ ਸਾਫ਼ਟਵੇਅਰ ਰਾਹੀਂ ਦੁਨੀਆਂ ਭਰ ਦੇ ਮਨੁੱਖੀ ਅਧਿਕਾਰਾਂ ਬਾਰੇਹਜ਼ਾਰਾਂ ਕਾਰਕੁਨਾਂ, ਪੱਤਰਕਾਰਾਂ, ਸਿਆਸਤਦਾਨਾਂ ਅਤੇ ਕਾਰੋਬਾਰੀ ਲੋਕਾਂ ਦੀ ਨਿਗਰਾਨੀ ਦੇ ਦੋਸ਼ਾਂ ਦੀਆਂ ਰਿਪੋਰਟਾਂ ਦੇ ਕਾਰਨ ਵਿਵਾਦਾਂ ਵਿੱਚ ਘਿਰ ਗਈ ਸੀ। ਅਮਰੀਕਾ ਦੇ ਵਪਾਰ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਜੰਤਰਾਂ ਨੇ ਵਿਦੇਸ਼ੀ ਸਰਕਾਰਾਂ ਨੂੰ ਅੰਤਰਰਾਸ਼ਟਰੀ ਸ਼ੋਸ਼ਣ ਕਰਨ ਦੇ ਸਮਰੱਥ ਬਣਾਇਆ ਹੈ। ਵਿਰੋਧੀਆਂ, ਪੱਤਰਕਾਰਾਂ ਤੇ ਕਾਰਕੁਨਾਂ ਨੂੰ ਤਾਨਾਸ਼ਾਹੀ ਸਰਕਾਰਾਂ ਵੱਲੋਂ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਨਿਸ਼ਾਨਾ ਬਣਾਇਆ ਗਿਆ ਸੀ। ਐਨ ਐਸ ਓ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਜਵਾਬ ਨਹੀਂ ਆਇਆ।ਇਸ ਤੋਂ ਇਲਾਵਾ ਅਮਰੀਕਾ ਨੇ ਇਜ਼ਰਾਈਲ ਦੀ ਕੰਪਨੀ ਕੈਂਡੀਰੂ, ਸਿੰਗਾਪੁਰ ਦੇ ਕੰਪਿਊਟਰ ਸਕਿਉਰਿਟੀ ਇਨੀਸ਼ੀਏਟਿਵ ਕੰਸਲਟੈਂਸੀ ਅਤੇ ਰੂਸੀ ਫ਼ਰਮ ਪਾਜ਼ੀਟਿਵ ਟੈਕਨਾਲੋਜੀ ਨੂੰ ਵੀ ਪਾਬੰਦੀਆਂ ਦੀ ਸੂਚੀ ਵਿੱਚ ਪਾਇਆ ਹੈ।ਵਣਜ ਵਿਭਾਗ ਦੇ ਬਿਆਨ ਮੁਤਾਬਕ ਇਹ ਕਾਰਵਾਈ ਅਮਰੀਕਾ ਦੀ ਵਿਦੇਸ਼ ਨੀਤੀ ਦੇ ਕੇਂਦਰ ਵਿੱਚ ਮਨੁੱਖੀ ਅਧਿਕਾਰਾਂ ਨੂੰ ਰੱਖਣ ਲਈ ਬਿਡੇਨ-ਹੈਰਿਸ ਪ੍ਰਸ਼ਾਸਨ ਦੇ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਦਮਨ ਲਈ ਵਰਤੇ ਜਾਂਦੇ ਡਿਜ਼ੀਟਲ ਸਾਧਨਾਂ ਦੇ ਪ੍ਰਸਾਰ ਨੂੰ ਰੋਕਣ ਲਈ ਕੰਮ ਕਰਨਾ ਸ਼ਾਮਲ ਹੈ।
ਪੈਗਾਸਸ ਉੱਤੇ ਸ਼ੁਰੂਆਤੀ ਚਿੰਤਾਵਾਂ ਤੋਂ ਬਾਅਦ ਸਮੱਸਿਆ ਉਦੋਂ ਸਾਹਮਣੇ ਆਈ, ਜਦੋਂ ਆਈਫ਼ੋਨ ਨਿਰਮਾਤਾ ਕੰਪਨੀ ਐਪਲ ਨੇ ਸਤੰਬਰ ਵਿੱਚ ਇੱਕ ਕਮੀ ਕੱਢੀ ਸੀ, ਜਿਸ ਨਾਲ ਸਪਾਈਵੇਅਰ ਨੂੰ ਸੰਦੇਸ਼ਾਂ ਜਾਂ ਲਿੰਕਾਂ ਉੱਤੇ ਕਲਿੱਕ ਕੀਤੇ ਬਿਨਾਂ ਯੂਜ਼ਰਜ਼ ਦੇ ਫ਼ੋਨ ਨੂੰ ਇਨਫੈਕਟਿਡ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ।ਪਹਿਲਾਂ ਐਨ ਐਸ ਓ ਗਰੁੱਪ ਨੇ ਕਿਹਾ ਸੀ ਕਿ ਇਹ ਸਪਾਈਵੇਅਰ ਅਪਰਾਧੀਆਂ ਤੇ ਅਤਿਵਾਦੀਆਂ ਨੂੰ ਫੜਨ ਲਈ ਬਣਾਇਆ ਹੈ ਅਤੇ ਕੰਪਨੀ ਇਸ ਨੂੰ ਸਿਰਫ਼ ਸਰਕਾਰਾਂ ਨੂੰ ਵੇਚਦੀ ਹੈ। ਅਮਰੀਕਾ ਦੇ ਇਸ ਫ਼ੈਸਲੇ ਉੱਤੇ ਐਨ ਐਸ ਓ ਗਰੁੱਪ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਤੋਂ ਨਿਰਾਸ਼ ਹੈ। ਐਨ ਐਸ ਓ ਗਰੁੱਪ ਨੇ ਕਿਹਾ ਹੈ ਕਿ ਉਸਦੀ ਤਕਨੀਕ ਨੇ ਅਤਿਵਾਦ ਅਤੇ ਅਪਰਾਧ ਨੂੰ ਰੋਕਣ ਦੇ ਨਾਲ-ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕੀਤੀ ਹੈ।
ਪੈਗਾਸਸ ਜਾਸੂਸੀ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਅਮਰੀਕਾ ਨੇ ਬਲੈਕਲਿਸਟ ਕੀਤੀ
