ਇਸਲਾਮਾਬਾਦ: ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਵੱਡੀ ਰਾਹਤ ਮਿਲੀ ਹੈ। ਮੁਸੀਬਤ ਦੀ ਘੜੀ ‘ਚ ਇੱਕ ਵਾਰ ਫਿਰ ਸਾਊਦੀ ਅਰਬ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਸਾਊਦੀ ਨੇ ਪਾਕਿਸਤਾਨ ਨੂੰ ਕਰਜ਼ੇ ਵਜੋਂ 3 ਅਰਬ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਰਜ਼ੇ ਨਾਲ ਇਸਲਾਮਾਬਾਦ ਦਾ ਵਿੱਤੀ ਸੰਕਟ ਦੂਰ ਹੋ ਜਾਵੇਗਾ।
ਪਾਕਿਸਤਾਨ ਨੂੰ ਇਹ ਕਰਜ਼ਾ ਆਰਥਿਕ ਸਹਾਇਤਾ ਪੈਕੇਜ ਦੇ ਤਹਿਤ ਸਾਊਦੀ ਅਰਬ ਤੋਂ ਮਿਲਿਆ ਹੈ ਅਤੇ ਕਰਜ਼ੇ ਦੀ ਰਕਮ ਮਿਲ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿੱਤੀ ਸਲਾਹਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਇਹ ਕਰਜ਼ਾ ਅਜਿਹੇ ਸਮੇਂ ‘ਚ ਮਿਲਿਆ ਹੈ, ਜਦੋਂ ਸ਼੍ਰੀਲੰਕਾਈ ਨਾਗਰਿਕ ਦੀ ਮੌਬ ਲਿੰਚਿੰਗ ਦੀ ਘਟਨਾ ਤੋਂ ਬਾਅਦ ਦੇਸ਼ ‘ਤੇ ਭਾਰੀ ਅੰਤਰਰਾਸ਼ਟਰੀ ਦਬਾਅ ਹੈ।
ਦਰਅਸਲ, ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ, ਅਸਮਾਨ ਛੂਹ ਰਹੀ ਮਹਿੰਗਾਈ, ਚਾਲੂ ਖਾਤੇ ਦੇ ਘਾਟੇ ਵਿੱਚ ਵਾਧਾ ਅਤੇ ਪਾਕਿਸਤਾਨੀ ਮੁਦਰਾ ਵਿੱਚ ਗਿਰਾਵਟ ਹੈ। ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਹੁਣ 22,498.8 ਲੱਖ ਅਮਰੀਕੀ ਡਾਲਰ ਹੈ।