ਓਟਵਾ, 27 ਫਰਵਰੀ (ਪੋਸਟ ਬਿਊਰੋ) : ਕੈਨੇਡਾ ਨੇ ਰੂਸੀ ਜਹਾਜ਼ਾਂ ਲਈ ਆਪਣੀ ਏਅਰਸਪੇਸ ਬੰਦ ਕਰ ਦਿੱਤੀ ਹੈ। ਇਹ ਫੈਸਲਾ ਫੌਰੀ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਫੈਡਰਲ ਸਰਕਾਰ ਨੇ ਯੂਕਰੇਨ ਲਈ ਹੋਰ ਸਾਜੋ਼ ਸਮਾਨ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ।
ਐਤਵਾਰ ਨੂੰ ਟਵਿੱਟਰ ਉੱਤੇ ਐਲਾਨ ਕਰਦਿਆਂ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਆਖਿਆ ਕਿ ਕੈਨੇਡਾ ਦੀ ਏਅਰਸਪੇਸ ਨੂੰ ਰੂਸੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਯੂਕਰੇਨ ਖਿਲਾਫ ਬਿਨਾਂ ਉਕਸਾਇਆਂ ਕੀਤੇ ਗਏ ਇਨ੍ਹਾਂ ਹਮਲਿਆਂ ਲਈ ਰੂਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਜਰਮਨੀ, ਆਸਟਰੀਆ, ਇਟਲੀ, ਚੈੱਕ ਰਿਪਬਲਿਕ, ਪੋਲੈਂਡ, ਬੁਲਗੇਰੀਆ, ਸਲੋਵੇਨੀਆ, ਈਸਟੋਨੀਆ, ਲੈਟਵੀਆ, ਲਿਥੂਆਨੀਆ, ਰੋਮਾਨੀਆ ਤੇ ਲਗਜ਼ਮਬਰਗ ਵੱਲੋਂ ਯੂਕਰੇਨ ਉੱਤੇ ਕੀਤੀ ਚੜ੍ਹਾਈ ਬਦਲੇ ਰੂਸ ਦੇ ਜਹਾਜ਼ਾਂ ਉੱਤੇ ਰੋਕ ਲਾ ਦਿੱਤੀ ਗਈ ਹੈ। ਕੈਨੇਡਾ ਵੱਲੋਂ ਇਹ ਕਦਮ ਹੋਰਨਾਂ ਯੂਰਪੀਅਨ ਦੇਸ਼ਾਂ ਦੀ ਤਰਜ਼ ਉੱਤੇ ਚੁੱਕਿਆ ਗਿਆ ਹੈ।
ਰੂਸ ਵੱਲੋਂ ਵੀ ਇਨ੍ਹਾਂ ਸਾਰੇ ਦੇਸ਼ਾਂ ਦੇ ਜਹਾਜ਼ਾਂ ਲਈ ਆਪਣੀ ਏਅਰਸਪੇਸ ਬੰਦ ਕਰ ਦਿੱਤੀ ਗਈ ਹੈ।ਇਸ ਦੌਰਾਨ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਐਤਵਾਰ ਨੂੰ ਐਲਾਨ ਕਰਦਿਆਂ ਆਖਿਆ ਕਿ ਯੂਕਰੇਨ ਦੇ ਡਿਪਟੀ ਪ੍ਰਧਾਨ ਮੰਤਰੀ ਦੀ ਬੇਨਤੀ ਉੱਤੇ ਕੈਨੇਡਾ 25 ਮਿਲੀਅਨ ਡਾਲਰ ਦੇ ਪ੍ਰੋਟੈਕਟਿਵ ਇਕਿਉਪਮੈਂਟ ਉੱਥੇ ਭੇਜੇਗਾ।ਇਨ੍ਹਾਂ ਵਿੱਚ ਹੈਲਮੈਟ, ਬਾਡੀ ਆਰਮਰ, ਗੈਸ ਮਾਸਕਸ ਤੇ ਹਨ੍ਹੇਰੇ ਵਿੱਚ ਵੇਖਣ ਵਾਲਾ ਸਾਜ਼ੋ ਸਾਮਾਨ ਹੋਵੇਗਾ। ਯੂਕਰੇਨ ਤੱਕ ਇਹ ਸਾਰਾ ਸਮਾਨ ਪਹੁੰਚਾਉਣ ਲਈ ਕੈਨੇਡਾ ਪੋਲੈਂਡ ਨਾਲ ਗੱਲ ਕਰ ਰਿਹਾ ਹੈ। ਜੋਲੀ ਨੇ ਆਖਿਆ ਕਿ ਇਸ ਤੋਂ ਇਲਾਵਾ ਕੈਨੇਡਾ ਹੋਰ ਸਮਾਨ ਵੀ ਭੇਜੇਗਾ।
ਰੂਸੀ ਜਹਾਜ਼ਾਂ ਲਈ ਕੈਨੇਡਾ ਨੇ ਬੰਦ ਕੀਤੀ ਆਪਣੀ ਏਅਰਸਪੇਸ
