ਰੂਸ ਖਿਲਾਫ ਕੈਨੇਡਾ ਨੇ ਐਲਾਨੀਆਂ ਨਵੀਆਂ ਪਾਬੰਦੀਆਂ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਉੱਤੇ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਰੂਸ ਖਿਲਾਫ ਨਵੀਂਆਂ ਪਾਬੰਦੀਆਂ ਦਾ ਐਲਾਨ ਕੀਤਾ। ਇਨ੍ਹਾਂ ਤਹਿਤ 58 ਵਿਅਕਤੀਆਂ ਖਿਲਾਫ ਤੇ ਅਦਾਰਿਆਂ ਉੱਤੇ ਵਿੱਤੀ ਪਾਬੰਦੀਆਂ ਲਾਉਣ ਦੇ ਨਾਲ ਨਾਲ ਐਕਸਪਰਟ ਪਰਮਿਟਸ ਉੱਤੇ ਵੀ ਰੋਕ ਲਾਈ ਗਈ ਹੈ।
ਟਰੂਡੋ ਨੇ ਆਖਿਆ ਕਿ ਉਨ੍ਹਾਂ ਵੱਲੋਂ ਵੀਰਵਾਰ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ ਗੱਲ ਕੀਤੀ ਗਈ ਸੀ ਤੇ ਜੀ-7 ਮੀਟਿੰਗ ਦੌਰਾਨ ਇਸ ਗੱਲ ਉੱਤੇ ਸਹਿਮਤੀ ਬਣੀ ਕਿ ਰੂਸ ਦੀ ਅਜਿਹੀ ਕਾਰਵਾਈ ਦੀ ਸਜ਼ਾ ਦਿੱਤੀ ਜਾਣੀ ਬਣਦੀ ਹੈ।ਉਨ੍ਹਾਂ ਆਖਿਆ ਕਿ ਯੂਕਰੇਨ ਉੱਤੇ ਰੂਸ ਵੱਲੋਂ ਕੀਤੇ ਗਏ ਇਸ ਹਮਲੇ ਦੀ ਸਾਡੇ ਸਾਰਿਆਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਅਸੀਂ ਰੂਸ ਵੱਲੋਂ ਯੂਐਨ ਚਾਰਟਰ, ਉਸ ਦੇ ਸਿਧਾਂਤਾ, ਕੌਮਾਂਤਰੀ ਲਾਅ ਦੀ ਕੀਤੀ ਗਈ ਉਲੰਘਣਾਂ ਨੂੰ ਨਜ਼ਰਅੰਦਾਜ਼ ਨਹੀੱ ਕਰ ਸਕਦੇ।ਇਸ ਲਈ ਇਹ ਯਕੀਨੀ ਬਣਾਉਣ ਲਈ ਕਿ ਰੂਸ ਆਪਣੇ ਮਨਸੂਬਿਆਂ ਵਿੱਚ ਅਸਫਲ ਰਹੇ ਅਸੀਂ ਸਖ਼ਤੀ ਤੋਂ ਕੰਮ ਲਵਾਂਗੇ।
ਇਨ੍ਹਾਂ ਨਵੀਆਂ ਪਾਬੰਦੀਆਂ ਤਹਿਤ ਰੂਸ ਦੇ ਅਮੀਰ ਤਬਕੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਰਧ ਸੈਨਿਕ ਸੰਸਥਾਂ ਦ ਵੈਗਨਰ ਗਰੁੱਪ, ਰੂਸ ਦੇ ਵੱਡੇ ਬੈਂਕਾਂ ਉੱਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਕੈਨੇਡਾ ਰੂਸ ਦੀ ਸਕਿਊਰਿਟੀ ਕਾਊਂਸਲ ਦੇ ਮੈਂਬਰਾਂ ਜਿਨ੍ਹਾਂ ਵਿੱਚ ਰੱਖਿਆ ਮੰਤਰੀ, ਵਿੱਤ ਮੰਤਰੀ ਤੇ ਨਿਆਂ ਮੰਤਰੀ ਸ਼ਾਮਲ ਹੋਣਗੇ, ਉੱਤੇ ਵੀ ਪਾਬੰਦੀਆਂ ਲਾਵੇਗਾ।
ਇਸ ਦੌਰਾਨ ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ ਤੇ ਮੌਲਡੋਵਾ ਦੀਆਂ ਸਰਹੱਦਾਂ ਰਾਹੀਂ ਕੈਨੇਡੀਅਨਜ਼ ਤੇ ਪਰਮਾਨੈਂਟ ਰੈਜ਼ੀਡੈਂਟ ਪਰਿਵਾਰਾਂ ਦੇ ਸੁਰੱਖਿਅਤ ਲਾਂਘੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਟਰੂਡੋ ਨੇ ਆਖਿਆ ਕਿ ਪ੍ਰਭਾਵਿਤ ਲੋਕਾਂ ਲਈ ਸਰਕਾਰ ਟਰੈਵਲ ਡੌਕਿਊਮੈਂਟਸ ਜਾਰੀ ਕਰ ਰਹੀ ਹੈ ਤੇ ਕੈਨੇਡਾ ਆਉਣ ਦੇ ਚਾਹਵਾਨ ਯੂਕਰੇਨੀਅਨਜ਼ ਲਈ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਪਹਿਲ ਦੇ ਆਧਾਰ ਉੱਤੇ ਪ੍ਰੋਸੈੱਸ ਕੀਤਾ ਜਾ ਰਿਹਾ ਹੈ।
ਸਕਿਊਰਿਟੀ ਕਾਰਨਾਂ ਕਰਕੇ ਯੂਕਰੇਨ ਸਥਿਤ ਕੈਨੇਡਾ ਦੇ ਡਿਪਲੋਮੈਟਿਕ ਸਟਾਫ ਨੂੰ ਪੋਲੈਂਡ ਭੇਜ ਦਿੱਤਾ ਗਿਆ ਹੈ ਤੇ ਓਟਵਾ ਨੇ ਯੂਕਰੇਨ ਸਥਿਤ ਆਪਣੀ ਅੰਬੈਸੀ ਤੇ ਕਾਊਂਸਲੇਟ ਦੇ ਸਾਰੇ ਕੰਮਕਾਰ ਸਸਪੈਂਡ ਕਰ ਦਿੱਤੇ ਹਨ।ਇਹ ਐਲਾਨ ਕਰਦੇ ਸਮੇਂ ਪ੍ਰਧਾਨ ਮੰਤਰੀ ਦੇ ਨਾਲ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਰੱਖਿਆ ਮੰਤਰੀ ਅਨੀਤਾ ਆਨੰਦ ਤੇ ਵਿਦੇਸ਼ ਮੰਤਰੀ ਮਿਲੇਨੀ ਜੋਲੀ ਹਾਜ਼ਰ ਸਨ। ਫਰੀਲੈਂਡ ਵੱਲੋਂ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਗਈ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat