• Tue. May 17th, 2022

Desh Punjab Times

Leading South Asian Newspaper of BC

ਵਿਧਾਨ ਸਭਾ ਚੋਣਾਂ: ਬਹੁਮਤ ਨਾ ਆਇਆ ਤਾਂ ਕਾਂਗਰਸ ਤੇ ਆਪ ਦੀਆਂ ਬੇੜੀਆਂ ਵਿੱਚ ਵੱਟੇ ਪਾ ਸਕਦੀ ਹੈ ਭਾਜਪਾ

BySunil Verma

Feb 28, 2022

ਪੰਜਾਬ ਦੇ ਸਿਆਸੀ ਦਿ੍ਰਸ਼ ਉੱਤੇ ਅਕਾਲੀ ਦਲ ਨਾਲ ਢਾਈ ਦਹਾਕਿਆਂ ਤਕ ਛੋਟੇ ਭਾਈਵਾਲ ਵਜੋਂ ਵਿਚਰਦੀ ਰਹੀ ਭਾਰਤੀ ਜਨਤਾ ਪਾਰਟੀ ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਲਈ ਆਸਵੰਦ ਹੈ। ਭਾਜਪਾ ਉੱਤੇਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦਾ ਕੰਟਰੋਲ ਹੋਣ ਮਗਰੋਂ ਪੰਜਾਬ ਵਿੱਚ ਪਹਿਲੀ ਵਾਰੀ ਹੋਈਆਂ ਇਹ ਚੋਣਾਂਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਈ ਵੀ ਇੱਕ ਪ੍ਰੀਖਿਆ ਹਨ।
ਇਸ ਪਾਰਟੀ ਦੇ ਸੂਬਾਈ ਅਤੇ ਕੌਮੀ ਆਗੂ ਭਾਵੇਂ ਨਤੀਜਿਆਂ ਦਾ ਸਪੱਸ਼ਟ ਟੇਵਾ ਨਹੀਂ ਲਾ ਸਕੇ, ਪਰ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ 10 ਮਾਰਚ ਨੂੰ ਨਤੀਜੇ ਆਉਣ ਪਿੱਛੋਂ ਅਗਲੀ ਸਰਕਾਰ ਬਣਾਉਣ ਵਿੱਚ ਭਾਜਪਾ ਦੀ ਅਹਿਮ ਭੂਮਿਕਾ ਹੋਵੇਗੀ। ਪੰਜਾਬ ਵਿੱਚ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਸਮੇਂ ਪਾਰਲੀਮੈਂਟ ਜਾਂ ਵਿਧਾਨ ਸਭਾ ਚੋਣਾਂ ਵਿੱਚ ਪੰਜ ਤੋਂ ਸਾਢੇ ਅੱਠ ਫੀਸਦੀ ਤਕ ਵੋਟਾਂ ਮਿਲਦੀਆਂ ਰਹੀਆਂ ਸਨ। ਓਦੋਂ ਅਕਾਲੀ ਦਲ ਨਾਲ ਗੱਠਜੋੜ ਹੇਠ ਭਾਜਪਾ 23 ਵਿਧਾਨ ਸਭਾ ਹਲਕਿਆਂ ਉੱਤੇ ਉਮੀਦਵਾਰ ਖੜ੍ਹੇ ਕਰਦੀ ਸੀ, ਜਦ ਕਿ ਇਸ ਵਾਰੀ ਸੱਤਰ ਤੋਂ ਵੱਧ ਹਲਕਿਆਂ ਉੱਤੇਭਾਜਪਾ ਉਮੀਦਵਾਰ ਖੜ੍ਹੇ ਹਨ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 2007 ਵਿੱਚ 8.33 ਫੀਸਦੀ ਅਤੇ 2012 ਵਿੱਚ 7.18 ਫੀਸਦੀ ਵੋਟਾਂ ਮਿਲੀਆਂ ਸਨ, ਪਰ 2017 ਵਿੱਚ ਇਹ ਫੀਸਦੀ ਘੱਟ ਕੇ 5.4 ਫੀਸਦੀ ਰਹਿ ਗਈ ਅਤੇ ਸੀਟਾਂ ਵੀ ਤਿੰਨ ਹੀ ਮਿਲੀਆਂ ਸਨ। ਉਸ ਪਿੱਛੋਂ ਪਾਰਟੀ ਲਗਾਤਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਦੀ ਆਈ ਸੀ ਤੇ ਅਕਾਲੀ ਦਲ ਨਾਲ ਤੋੜ ਵਿਛੋੜੇ ਪਿੱਛੋਂ ਇਸ ਨੂੰ ਬੇੜੀ ਬੰਨੇ ਲਾਉਣ ਲਈ ਕੋਈ ਕੱਦਾਵਰ ਆਗੂ ਵੀ ਨਹੀਂ ਲੱਭ ਸਕਿਆ।
ਹਿੰਦੂ ਵਰਗ ਦੇ ਵੋਟਰਾਂ ਨੂੰ ਲੁਭਾਉਣ ਲਈ ਭਾਜਪਾ ਨੇ ਆਮ ਆਦਮੀ ਪਾਰਟੀ ਉੱਤੇ ਖਾਲਿਸਤਾਨ ਪੱਖੀ ਹੋਣ ਦਾ ਡਟਵਾਂ ਪ੍ਰਚਾਰ ਕੀਤਾ ਅਤੇ ਪੰਜਾਬ ਅਤੇ ਹੋਰ ਰਾਜਾਂ ਦੇ ਸੰਘੀ ਵਰਕਰਾਂ ਨੇ ਪੰਜਾਬ ਦੇ ਛੋਟੇ ਵੱਡੇ ਸ਼ਹਿਰਾਂ ਤੇ ਪਿੰਡਾਂ ਵਿੱਚ ਵੀ ਡੇਰੇ ਲਵਾ ਕੇ ਆਪਣੇ ਪੱਖ ਵਿੱਚ ਭੁਗਤਾਉਣ ਲਈ ਤਾਣ ਲਾਇਆ। ਰਾਜਸੀ ਹਲਕਿਆਂ ਵਿੱਚ ਚਰਚਾ ਹੈ ਕਿ ਭਾਜਪਾ ਨੇ ਚੋਣ ਨਤੀਜਿਆਂ ਤੋਂ ਲਟਕਵੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਦੀਨੀਤੀ ਤਹਿਤ ਗੱਠਜੋੜ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂਆਂ ਨੂੰ ਵੀ ਇਹ ਡਰ ਸਤਾਉਣ ਲੱਗਾ ਹੈ ਕਿ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਭਾਜਪਾ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਕਰ ਸਕਦੀ ਹੈ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਨੂੰ ਜਿੰਨੀਆਂ ਸੀਟਾਂ ਅਕਾਲੀ ਦਲ ਨਾਲ ਗੱਠਜੋੜ ਦੌਰਾਨ ਮਿਲੀਆਂ ਸਨ, ਓਨੀਆਂ ਕੁ ਸੀਟਾਂ ਮਿਲਣ ਦੇ ਆਸਾਰ ਅੱਜ ਵੀ ਹਨ। ਬਿਨਾਂ ਸ਼ੱਕ ਇਨ੍ਹਾਂ ਚੋਣਾਂ ਵਿੱਚ ਭਾਜਪਾ ਆਪਣੇ ਤੇ ਆਪਣੇ ਸਹਿਯੋਗੀਆਂ ਦੇ ਵੱਡੀ ਗਿਣਤੀਉਮੀਦਵਾਰਾਂ ਲਈ ਡੇਰਾ ਸਿਰਸਾ ਅਤੇ ਡੇਰਾ ਬਿਆਸ ਅਤੇ ਹੋਰ ਕਈ ਡੇਰਿਆਂ ਦੀ ਹਮਾਇਤ ਲੈਣ ਵਿੱਚ ਵੀ ਕਾਮਯਾਬ ਹੋ ਗਈ ਸੀ, ਜਿਸ ਕਰ ਕੇ ਪਾਰਟੀ ਨੂੰ ਵੋਟ ਫੀਸਦੀ ਦਾ ਮੋਟਾ ਹਿੱਸਾ ਮਿਲਣ ਅਤੇ ਹੈਰਾਨੀਜਨਕ ਨਤੀਜਿਆਂ ਦੀ ਆਸ ਹੈ।

Leave a Reply

Your email address will not be published.