ਕੋਰੋਨਾ ਦੀ ਚੌਥੀ ਲਹਿਰ ਚਾਰ ਮਹੀਨੇ ਬਾਅਦ 22 ਜੂਨ ਤੋਂ ਆਉਣ ਦਾ ਖ਼ਦਸ਼ਾ ਹੈ। ਇਹ 23 ਅਗਸਤ ਦੇ ਨੇਡ਼ੇ-ਤੇਡ਼ੇ ਆਪਣੇ ਸਿਖਰ ’ਤੇ ਹੋਵੇਗੀ ਤੇ 24 ਅਕਤੂਬਰ ਨੂੰ ਖ਼ਤਮ ਹੋਣ ਦਾ ਅਨੁਮਾਨ ਹੈ। ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ, ਕਾਨਪੁਰ) ਦੇ ਗਣਿਤ ਤੇ ਅੰਕਡ਼ਾ ਵਿਭਾਗ ਦੇ ਖੋਜੀਆਂ ਨੇ ਗਾਸੀਅਨ ਵੰਡ ਪ੍ਰਣਾਲੀ ਦੇ ਆਧਾਰ ’ਤੇ ਇਹ ਮੁੱਲਾਂਕਣ ਕੀਤਾ ਹੈ। ਇਸ ਦੇ ਲਈ ਅਵਰ ਵਰਲਡ ਇਨ ਡਾਟਾ ਨਾਂ ਦੀ ਵੈੱਬਸਾਈਟ ਤੋਂ ਕੋਰੋਨਾ ਦੇ ਹੁਣ ਤਕ ਦੇ ਅੰਕਡ਼ੇ ਲੈ ਕੇ ਅਧਿਐਨ ਕੀਤਾ ਹੈ। ਇਹ ਖੋਜ ਪੱਤਰ ਮੇਡ ਆਰਕਿਵ ਵੈੱਬਸਾਈਟ ’ਤੇ ਮੌਜੂਦ ਹੈ।
ਭਾਰਤ ’ਚ ਚੌਥੀ ਲਹਿਰ ਦਾ ਪੂਰਵ-ਅਨੁਮਾਨ ਲਗਾਉਣ ਲਈ ਆਈਆਈਟੀ ਦੇ ਵਿਗਿਆਨੀ ਪ੍ਰੋ. ਸ਼ਲਭ ਤੇ ਐਸੋਸੀਏਟ ਪ੍ਰੋਫੈਸਰ ਸੁਭਰਾ ਸ਼ੰਕਰ ਧਰ ਦੀ ਅਗਵਾਈ ’ਚ ਖੋਜੀ ਸਬਰਾ ਪ੍ਰਸਾਦ ਰਾਜੇਸ਼ ਭਾਈ ਨੇ ਪਹਿਲੀ ਲਹਿਰ ਤੋਂ ਲੈ ਕੇ ਹੁਣ ਤਕ ਕੋਰੋਨਾ ਦੇ ਵੱਖ-ਵੱਖ ਵੈਰੀਐਂਟਾਂ ਦੇ ਫੈਲਾਅ ਤੇ ਉਨ੍ਹਾਂ ਦੇ ਪ੍ਰਭਾਵ ’ਤੇ ਜਾਰੀ ਡਾਟੇ ਦਾ ਅਧਿਐਨ ਕੀਤਾ। ਉਨ੍ਹਾਂ ਡਾਟੇ ਦੀ ਗਾਸੀਅਨ ਵੰਡ ਮਿਸ਼ਰਣ ਪ੍ਰਣਾਲੀ ਦੇ ਆਧਾਰ ’ਤੇ ਗਣਨਾ ਕੀਤੀ ਤੇ ਚੌਥੀ ਲਹਿਰ ਦੇ ਸਿਖਰ ਦਾ ਸਮਾਂ ਕੱਢਣ ਲਈ ਬੂਟ ਸਟਰੈੱਪ ਪ੍ਰਣਾਲੀ ਦੀ ਵਰਤੋਂ ਕੀਤੀ। ਇਸ ਮੁਤਾਬਕ, ਦੁਨੀਆ ’ਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਦਸੰਬਰ, 2019 ’ਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਾਰੇ ਦੇਸ਼ ਇਨਫੈਕਸ਼ਨ ਦਾ ਸ਼ਿਕਾਰ ਹੋਏ। ਜ਼ਿੰਬਾਬਵੇ ਤੇ ਭਾਰਤ ’ਚ ਤੀਜੀ ਲਹਿਰ ਦੇ ਅੰਕਡ਼ੇ ਲਗਪਗ ਬਰਾਬਰ ਸਨ। ਮੌਜੂਦਾ ਸਮੇਂ ਜ਼ਿੰਬਾਬਵੇ ’ਚ ਚੌਥੀ ਲਹਿਰ ਸ਼ੁਰੂ ਹੋ ਗਈ ਹੈ। ਇਸੇ ਕਾਰਨ ਜ਼ਿੰਬਾਬਵੇ ਦੇ ਡਾਟੇ ਨੂੰ ਆਧਾਰ ਮੰਨ ਕੇ ਵਿਭਾਗ ਦੀ ਟੀਮ ਨੇ ਗਾਸੀਅਨ ਵੰਡ ਮਿਸ਼ਰਣ ਪ੍ਰਣਾਲੀ ਦੀ ਵਰਤੋਂ ਕਰ ਕੇ ਭਾਰਤ ’ਚ ਚੌਥੀ ਲਹਿਰ ਦਾ ਮੁੱਲਾਂਕਣ ਕੀਤਾ ਹੈ।