ਨਵੀਂ ਦਿੱਲੀ, ਏਐਨਆਈ : ਰੂਸ ਤੇ ਯੂਕਰੇਨ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਭਾਰਤ ‘ਚ ਯੂਕਰੇਨ ਦੇ ਰਾਜਦੂਤ ਡਾਕਟਰ ਇਗੋਰ ਪੋਲੀਖਾ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਫ਼ੌਜੀ ਕਾਰਵਾਈ ਦੇ ਨਤੀਜੇ ਵਜੋਂ ਯੂਕਰੇਨ ਦੇ ਬਹੁਤ ਸਾਰੇ ਨਾਗਰਿਕ ਮਾਰੇ ਗਏ ਹਨ। ਨਵੀਂ ਦਿੱਲੀ ‘ਚ ਇੱਕ ਪ੍ਰੈਸ ਕਾਨਫਰੰਸ ‘ਚ ਬੋਲਦਿਆਂ ਪੋਲੀਖਾ ਨੇ ਕਿਹਾ ਕਿ ਸਾਡੇ ਬਹੁਤ ਸਾਰੇ ਨਾਗਰਿਕ ਮਾਰੇ ਜਾ ਰਹੇ ਹਨ। ਸਾਡੇ ਮੰਤਰਾਲੇ ਦੀ ਅਧਿਕਾਰਤ ਜਾਣਕਾਰੀ ਅਨੁਸਾਰ ਰੂਸੀ ਬੰਬਾਰੀ, ਗੋਲੀਬਾਰੀ ਆਦਿ ‘ਚ 16 ਬੱਚੇ ਮਾਰੇ ਗਏ ਹਨ।
ਯੂਕਰੇਨ ‘ਚ ਚੱਲ ਰਹੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਪੋਲੀਖਾ ਨੇ ਕਿਹਾ ਕਿ ਐਤਵਾਰ ਨੂੰ ਯੂਰਪ ਵਿੱਚ ਹਵਾਈ ਖੇਤਰ ਨੂੰ ਰੂਸੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਰੂਸ ਦੀ ਆਰਥਿਕਤਾ ਦਿਨੋ-ਦਿਨ ਕਮਜ਼ੋਰ ਹੋ ਰਹੀ ਹੈ। ਰੂਸ ਇਨ੍ਹਾਂ ਸਾਰੀਆਂ ਸਥਿਤੀਆਂ ਤੋਂ ਪੀੜਤ ਹੈ। ਲਗਪਗ 5,300 ਰੂਸੀ ਸੈਨਿਕ ਆਪਣੀ ਜਾਨ ਗੁਆ ਚੁੱਕੇ ਹਨ।