ਚੰਡੀਗਡ਼੍ਹ : ਇਕ ਪਾਸੇ ਆਮ ਆਦਮੀ ਪਾਰਟੀ (AAP) ਨੇ ਮੁੱਖ ਮੰਤਰੀ ਸਮੇਤ 11 ਕੈਬਨਿਟ ਮੰਤਰੀ ਬਣਾ ਦਿੱਤੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਹਾਲੇ ਤਕ ਹਾਰ ਦੇ ਕਲੇਸ਼ ਤੋਂ ਉੱਭਰ ਨਹੀਂ ਸਕੀ ਹੈ। ਕਾਂਗਰਸ ਵਿਚ ਚੱਲ ਰਹੇ ਦੋਸ਼ਾਂ ਦੇ ਦੌਰ ਕਾਰਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ (Leader of Opposition) ਬਾਰੇ ਫ਼ੈਸਲਾ ਹਾਲੇ ਤਕ ਨਹੀਂ ਲੈ ਪਾਏ ਹਨ। ਪਾਰਟੀ ਹਾਈ ਕਮਾਨ ਨੇ ਹਾਲੇ ਤਕ ਵਿਰੋਧੀ ਧਿਰ ਦਾ ਆਗੂ ਬਣਾਉਣ ਲਈ ਸਮਾਂ ਨਹੀਂ ਕੱਢਿਆ ਹੈ ਜਦਕਿ ਇਸ ਕੁਰਸੀ ਲਈ ਇਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ।
ਇਹ ਫ਼ੈਸਲਾ ਨਾ ਲੈ ਸਕਣ ਕਾਰਨ ਸੋਮਵਾਰ ਨੂੰ ਹੋਣ ਵਾਲੇ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਵਿਧਾਇਕਾਂ ਦੀ ਅਗਵਾਈ ਕਿਸ ਦੇ ਹੱਥਾਂ ਵਿਚ ਹੋਵੇਗੀ? ਵਿਧਾਨ ਸਭਾ ਚੋਣਾਂ ਵਿਚ ਮਹਿਜ਼ 18 ਸੀਟਾਂ ਤਕ ਸੀਮਤ ਰਹਿਣ ਵਾਲੀ ਕਾਂਗਰਸ ਵਿਚ ਵਿਰੋਧੀ ਧਿਰ ਦੇ ਆਗੂ ਲਈ ਦਾਅਵਾ ਠੋਕਣ ਵਾਲਿਆਂ ਦੀ ਸੂਚੀ ਬਹੁਤ ਵੱਡੀ ਹੈ। 4 ਦਫ਼ਾ ਵਿਧਾਇਕ ਰਹੇ, ਇਕ ਵਾਰ ਸੰਸਦ ਮੈਂਬਰ ਤੇ ਰਾਜ ਸਭਾ ਮੈਂਬਰ ਰਹੇ ਪ੍ਰਤਾਪ ਸਿੰਘ ਬਾਜਵਾ, 5 ਵਾਰ ਦੇ ਵਿਧਾਇਕ ਤ੍ਰਿਪਤਰਜਿੰਦਰ ਸਿੰਘ ਬਾਜਵਾ, ਚਾਰ ਵਾਰ ਦੇ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਪਾਲ ਸਿੰਘ ਖਹਿਰਾ ਇਸ ਅਹੁਦੇ ਲਈ ਯਤਨਸ਼ੀਲ ਹਨ।