ਆਸਟ੍ਰੇਲੀਆ ‘ਚ ਕਈ ਭਾਰਤੀ ਵਸਤਾਂ ਹੋਣਗੀਆਂ ਡਿਊਟੀ-ਮੁਕਤ

ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਸਹਿਯੋਗ ਤੇ ਵਪਾਰ ਸਮਝੌਤਾ
ਨਵੀਂ ਦਿੱਲੀ, 2 ਅਪ੍ਰੈਲ (ਉਪਮਾ ਡਾਂਗਾ ਪਾਰਥ)-ਭਾਰਤ ਤੇ ਆਸਟ੍ਰੇਲੀਆ ਨੇ ਆਪਸੀ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਲਈ ਸ਼ਨਿਚਰਵਾਰ ਨੂੰ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਹਨ, ਇਸ ਸਮਝੌਤੇ ਨਾਲ ਅਗਲੇ 5 ਸਾਲਾਂ ‘ਚ ਦੁਵੱਲਾ ਵਪਾਰ 27 ਅਰਬ ਡਾਲਰ ਤੋਂ ਵਧ ਕੇ 50 ਅਰਬ ਅਮਰੀਕੀ ਡਾਲਰ ਹੋ ਸਕਦਾ ਹੈ | ਇਸ ਸਮਝੌਤੇ ਤਹਿਤ ਆਸਟ੍ਰੇਲੀਆ ਆਪਣੇ ਬਾਜ਼ਾਰ ‘ਚ ਭਾਰਤ ਤੋਂ ਨਿਰਯਾਤ ਹੋਣ ਵਾਲੀਆਂ ਟੈਕਸਟਾਈਲ, ਚਮੜਾ, ਗਹਿਣੇ, ਖੇਡ ਉਤਪਾਦਾਂ ਤੇ ਮਸ਼ੀਨਰੀ ਆਦਿ 6,000 ਤੋਂ ਵਧੇਰੇ ਭਾਰਤੀ ਵਸਤੂਆਂ (ਕਰੀਬ 96.4 ਫੀਸਦੀ) ਨੂੰ ਡਿਊਟੀ-ਮੁਕਤ ਕਰੇਗਾ, ਜਿਨ੍ਹਾਂ ‘ਤੇ ਇਸ ਸਮੇਂ ਆਸਟ੍ਰੇਲੀਆ ‘ਚ 4-5 ਫ਼ੀਸਦੀ ਕਸਟਮ ਡਿਊਟੀ ਲੱਗਦੀ ਹੈ | ਇਸ ਸਮੇਂ ਆਸਟ੍ਰੇਲੀਆ ‘ਚ ਕਰੀਬ 6,500 ਭਾਰਤੀ ਵਸਤੂਆਂ ‘ਤੇ ਜਦਕਿ ਭਾਰਤ ਵਲੋਂ ਆਸਟ੍ਰੇਲੀਆ ਦੀਆਂ 11,500 ਵਸਤੂਆਂ ‘ਤੇ ਟੈਕਸ ਲੱਗਦਾ ਹੈ | ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਤੇ ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਤੇ ਨਿਵੇਸ਼ ਮੰਤਰੀ ਡੈਨ ਤੇਹਨ ਨੇ ਇਕ ਆਨ-ਲਾਈਨ ਸਮਾਗਮ ਦੌਰਾਨ ਭਾਰਤ ਤੇ ਆਸਟ੍ਰੇਲੀਆ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ, ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟ੍ਰੇਲੀਆ ਦੇ ਹਮਰੁਤਬਾ ਸਕਾਟ ਮੌਰੀਸਨ ਵੀ ਮੌਜੂਦ ਸਨ | ਪ੍ਰਧਾਨ ਮੰਤਰੀ ਮੋਦੀ ਨੇ ਤਕਰੀਬਨ ਇਕ ਦਹਾਕੇ ਬਾਅਦ ਕਿਸੇ ਵਿਕਸਤ ਦੇਸ਼ ਨਾਲ ਹੋਏ ਇਸ ਵਪਾਰਿਕ ਸਮਝੌਤੇ ਨੂੰ ‘ਇਤਿਹਾਸਕ’ ਦੱਸਦਿਆਂ ਕਿਹਾ ਹੈ ਕਿ ਬਹੁਤ ਘੱਟ ਸਮੇਂ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਇਸ ਸਮਝੌਤੇ ਲਈ ਸਹਿਮਤੀ ਬਣੀ ਹੈ | ਭਾਰਤ ਨੂੰ ਇਸ ਸਮਝੌਤੇ ਦੇ ਚੱਲਦੇ ਟੈਕਸਟਾਈਲ ਤੇ ਕੱਪੜੇ, ਚੋਣਵੇਂ ਖੇਤੀ ਉਤਪਾਦਾਂ, ਚਮੜੇ, ਫਰਨੀਚਰ, ਗਹਿਣਿਆਂ ਇਲੈਕਟ੍ਰਾਨਿਕ ਉਤਪਾਦਾਂ, ਰੇਲਵੇ ਵੈਗਨ ਜਿਹੇ ਖੇਤਰਾਂ ‘ਚ ਵੱਡਾ ਲਾਭ ਹੋਵੇਗਾ | ਭਾਰਤ ਲਈ ਆਸਟ੍ਰੇਲੀਆ 17ਵਾਂ ਸਭ ਤੋਂ ਵੱਡਾ ਕਾਰੋਬਾਰੀ ਸਾਂਝੀਵਾਲ ਅਤੇ ਆਸਟ੍ਰੇਲੀਆ ਲਈ ਭਾਰਤ 9ਵਾਂ ਸਭ ਤੋਂ ਵੱਡਾ ਕਾਰੋਬਾਰੀ ਸਾਂਝੀਵਾਲ ਹੈ | ਦੋਹਾਂ ਦੇਸ਼ਾਂ ਵਿਚਾਲੇ 2021 ਦੌਰਾਨ 27.5 ਅਰਬ ਡਾਲਰ ਦਾ ਦੁਵੱਲਾ ਕਾਰੋਬਾਰ ਹੋਇਆ ਸੀ, ਜਿਸ ‘ਚ ਭਾਰਤ ਨੇ 6.9 ਅਰਬ ਡਾਲਰ ਦਾ ਨਿਰਯਾਤ ਤੇ 15.1 ਅਰਬ ਡਾਲਰ ਦਾ ਆਯਾਤ ਕੀਤਾ ਹੈ |

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat