ਅਹਿਮਦਾਬਾਦ: ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਅਸੈਂਬਲੀ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੇ ਦਸੰਬਰ ਮਹੀਨੇ ਹੋਣ ਵਾਲੀਆਂ ਗੁਜਰਾਤ ਚੋਣਾਂ ਤੋਂ ਪਹਿਲਾਂ ਅੱਜ ਪਾਰਟੀ ਆਗੂਆਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਅਹਿਮਦਾਬਾਦ ਵਿੱਚ ਰੋਡ-ਸ਼ੋਅ ਕੱਢਿਆ। ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਆਗਾਮੀ ਚੋਣਾਂ ਵਿੱਚ ‘ਆਪ’ ਨੂੰ ‘ਇਕ ਮੌਕਾ’ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ ਢਾਈ ਦਹਾਕਿਆਂ ਤੋਂ ਗੁਜਰਾਤ ਦੀ ਸੱਤਾ ’ਤੇ ਕਾਬਜ਼ ਹੋਣ ਕਰਕੇ ‘ਹੰਕਾਰ’ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਤੇ ਪੰਜਾਬ ਮਗਰੋਂ ‘ਆਪ’ ਗੁਜਰਾਤ ਲਈ ਤਿਆਰ ਹੈ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਕਰਨੀ ਨਹੀਂ ਆਉਂਦੀ, ਪਰ ਉਹ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਬਾਖੂਬੀ ਜਾਣਦੇ ਹਨ। ‘ਆਪ’ ਆਗੂ ਨੇ ਕਿਹਾ, ‘‘ਅਸੀਂ ਦਿੱਲੀ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਚੁੱਕੇ ਹਾਂ ਤੇ ਪੰਜਾਬ ਵਿੱਚ ਭਗਵੰਤ ਮਾਨ ਨੇ ਦਸ ਦਿਨਾਂ ਵਿੱਚ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰ ਛੱਡਿਆ ਹੈ।’’ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਪਿਛਲੇ 25 ਸਾਲਾਂ ਤੋਂ ਗੁਜਰਾਤ ਦੀ ਸੱਤਾ ’ਤੇ ਕਾਬਜ਼ ਹੋਣ ਕਰਕੇ ‘ਹੰਕਾਰ’ ਗਈ ਹੈ, ਜਿਸ ਕਰਕੇ ਸੂਬੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ‘ਇਕ ਮੌਕਾ’ ਦੇਣਾ ਚਾਹੀਦਾ ਹੈ। ‘ਤਿਰੰਗਾ ਗੌਰਵ ਯਾਤਰਾ’ ਵਿੱਚ ਕੇਜਰੀਵਾਲ ਤੇ ਮਾਨ ਤੋਂ ਇਲਾਵਾ ਗੁਜਰਾਤ ‘ਆਪ’ ਦੇ ਆਗੂ ਇਸੁਦਨ ਗਧਵੀ ਤੇ ਗੋਪਾਲ ਇਟਾਲੀਆ ਵੀ ਮੌਜੂਦ ਸਨ।
ਇਸ ਤੋਂਂ ਪਹਿਲਾਂ ਦੋਵਾਂ ਆਗੂਆਂ ਨੇ ਅਹਿਮਦਾਬਾਦ ਦੀ ਆਪਣੀ ਦੋ ਰੋਜ਼ਾ ਫੇਰੀ ਦਾ ਆਗਾਜ਼ ਸਾਬਰਮਤੀ ਆਸ਼ਰਮ ਤੋਂ ਕੀਤਾ। ਉਨ੍ਹਾਂ ਆਸ਼ਰਮ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਉਨ੍ਹਾਂ ਹਮਰੁਤਬਾ ਭਗਵੰਤ ਮਾਨ ਆਸ਼ਰਮ ਦੇ ਅੰਦਰ ‘ਹਰਿਦੇ ਕੁੰਜ’ ਵੀ ਗਏ, ਜਿੱਥੇ ਮਹਾਤਮਾ ਗਾਂਧੀ ਰਹਿੰਦੇ ਸਨ। ‘ਆਪ’ ਆਗੂਆਂ ਦੀ ਇਸ ਫੇਰੀ ਨੂੰ ਗੁਜਰਾਤ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਜ਼ਮੀਨੀ ਤਿਆਰੀਆਂ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ‘ਆਪ’ ਨੇ ਪਿਛਲੇ ਮਹੀਨੇ ਪੰਜਾਬ ਅਸੈਂਬਲੀ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਦਿਆਂ ਤਿੰਨ ਚੌਥਾਈ ਬਹੁਮਤ ਹਾਸਲ ਕੀਤਾ ਸੀ। ਗਾਂਧੀ ਆਸ਼ਰਮ ਦੀ ਫੇਰੀ ਦੌਰਾਨ ਦੋਵਾਂ ਆਗੂਆਂ ਨੇ ‘ਚਰਖਾ’ ਵੀ ਕੱਤਿਆ ਤੇ ਮਹਾਤਮਾ ਗਾਂਧੀ ਦੇ ਬੁੱਤੇ ਅੱਗੇ ਸ਼ਰਧਾਂਜਲੀ ਵੀ ਦਿੱਤੀ। ਮਗਰੋਂ ਉਨ੍ਹਾਂ ਗਾਈਡ ਨਾਲ ਮਿਊਜ਼ੀਅਮ ਦਾ ਟੂਰ ਵੀ ਕੱਢਿਆ। ਮਗਰੋਂ ਕੇਜਰੀਵਾਲ ਨੇ ਵਿਜ਼ੀਟਰ ਬੁੱਕ ਵਿੱਚ ਲਿਖਿਆ, ‘‘ਇਹ ਆਸ਼ਰਮ ਰੂਹਾਨੀ ਜਗ੍ਹਾ ਹੈ। ਇੰਜ ਪ੍ਰਤੀਤ ਹੁੰਦਾ ਜਿਵੇਂ ਗਾਂਧੀ ਜੀ ਦੀ ਰੂਹ ਇਥੇ ਹੀ ਵਾਸ ਕਰਦੀ ਹੈ। ਇਥੇ ਆਉਣ ਨਾਲ ਰੂਹਾਨੀ ਅਹਿਸਾਸ ਹੁੰਦਾ ਹੈ। ਮੈਂ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਉਸ ਮੁਲਕ ਵਿੱਚ ਜੰਮਿਆ ਹਾਂ, ਜਿੱਥੇ ਗਾਂਧੀ ਜੀ ਦਾ ਜਨਮ ਹੋਇਆ ਸੀ।’’ ਉਂਜ ਕੇੇਜਰੀਵਾਲ ਨੇ ਇਸ ਫੇਰੀ ਦੌਰਾਨ ਕਿਸੇ ਵੀ ਸਿਆਸੀ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ।
ਉਧਰ ਭਗਵੰਤ ਮਾਨ ਨੇ ਵਿਜ਼ਟਰ ਡਾਇਰੀ ਵਿੱਚ ਲਿਖਿਆ, ‘‘ਅੱਜ ਗਾਂਧੀ ਆਸ਼ਰਮ ਦੀ ਫੇਰੀ ਦੌਰਾਨ ਅਜਿਹੀਆਂ ਕਈ ਚੀਜ਼ਾਂ ਵੇਖਣ ਨੂੰ ਮਿਲੀਆਂ, ਜਿਨ੍ਹਾਂ ਦੀ ਦੇਸ਼ ਆਜ਼ਾਦੀ ਵੇਲੇ ਵਰਤੋਂ ਹੋਈ ਸੀ। ਇਨ੍ਹਾਂ ਵਿੱਚ ਗਾਂਧੀ ਦਾ ਹੱਥ ਲਿਖਤ ਪੱਤਰ, ਅਸਲ ਚਰਖਾ ਤੇ ਕੋਈ ਹੋਰ ਚੀਜ਼ਾਂ ਸ਼ਾਮਲ ਸਨ, ਜੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਸਨ।’’ ਮਾਨ ਨੇ ਲਿਖਿਆ, ‘‘ਅੱਜ ਆਜ਼ਾਦ ਮੁਲਕ ਵਿੱਚ ਰਹਿੰਦਿਆਂ ਸਾਨੂੰ ਉਨ੍ਹਾਂ ਇਨਕਲਾਬੀਆਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ।’’ -ਪੀਟੀਆਈ
ਸ਼ਹੀਦਾਂ ਦੀ ਧਰਤੀ ਤੋਂ ਆਇਆ ਹਾਂ: ਮਾਨ

ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਤੋਂ ਆੲੇ ਹਨ, ਜਿੱਥੇ ਹਰ ਪਿੰਡ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਪਗ ਹਰ ਪਿੰਡ ਵਿੱਚ ਚਰਖਾ ਹੈ, ਜਿਸ ਨੂੰ ਔਰਤਾਂ ਰਵਾਇਤੀ ਲੋਕ ਗੀਤ ਗਾਉਂਦੀਆਂ ਕਤਦੀਆਂ ਹਨ। ਮਾਨ ਨੇ ਕਿਹਾ, ‘‘ਮੈਂ ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਜਿਹੇ ਸ਼ਹੀਦਾਂ ਦੀ ਧਰਤੀ ਤੋਂ ਆਇਆ ਹਾਂ। ਤੁਹਾਨੂੰ ਇਥੇ ਹਰ ਪਿੰਡ ਵਿੱਚ ‘ਪਰਵਾਨੇ’ ਮਿਲਣਗੇ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਛੱਡੀਆਂ।’’