ਓਟਵਾ: ਫੈਡਰਲ ਸਰਕਾਰ ਵੱਲੋਂ ਕੌਮਾਂਤਰੀ ਟਰੈਵਲ ਲਈ ਟੈਸਟਿੰਗ ਸਬੰਧੀ ਨਿਯਮਾਂ ਵਿੱਚ ਦਿੱਤੀ ਗਈ ਢਿੱਲ ਕਾਰਨ ਬਹੁਤੇ ਕੈਨੇਡੀਅਨਜ਼ ਹੁਣ ਵਿਦੇਸ਼ ਦਾ ਦੌਰਾ ਕਰਨ ਦੀ ਫਿਰਾਕ ਵਿੱਚ ਹਨ।
ਹਾਲਾਂਕਿ ਕਈ ਕੈਨੇਡੀਅਨਜ਼ ਟਰੈਵਲਿੰਗ ਨੂੰ ਲੈ ਕੇ ਸੰਕੋਚ ਕਰ ਰਹੇ ਹਨ ਪਰ ਕਈ ਦੋ ਸਾਲ ਮਹਾਂਮਾਰੀ ਕਾਰਨ ਘਰਾਂ ਵਿੱਚ ਬੰਦ ਰਹਿਣ ਤੋਂ ਬਾਅਦ ਜਹਾਜ਼ ਚੜ੍ਹਨ ਲਈ ਤਿਆਰ ਬੈਠੇ ਹਨ। ਭਾਵੇਂ ਫੈਡਰਲ ਸਰਕਾਰ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਜ਼ ਲਈ ਕਈ ਪ੍ਰੀ ਐਂਟਰੀ ਟੈਸਟਿੰਗ ਲੋੜਾਂ ਹਟਾ ਦਿੱਤੀਆਂ ਗਈਆਂ ਹਨ, ਪਰ ਮਹਾਂਮਾਰੀ ਸਬੰਧੀ ਕਈ ਟਰੈਵਲ ਨਿਯਮ ਪ੍ਰਭਾਵੀ ਰਹਿਣਗੇ।
ਪਹਿਲੀ ਅਪਰੈਲ, 2022 ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹਵਾਈ ਰਸਤੇ, ਜ਼ਮੀਨੀ ਰਸਤੇ ਜਾਂ ਪਾਣੀ ਦੇ ਰਾਹ ਕੈਨੇਡਾ ਦਾਖਲ ਹੋਣ ਵੇਲੇ ਨੈਗੇਟਿਵ ਪ੍ਰੀ-ਐਂਟਰੀ ਕੋਵਿਡ-19 ਟੈਸਟ ਨਤੀਜੇ ਪੇਸ਼ ਕਰਨ ਦੀ ਲੋੜ ਨਹੀਂ ਹੋਵੇਗੀ।ਪਰ ਏਅਰਪੋਰਟ ਉੱਤੇ ਅਚਾਨਕ ਕੁੱਝ ਯਾਤਰੀਆਂ ਦਾ ਪੀਸੀਆਰ ਟੈਸਟ ਕਰਵਾਇਆ ਜਾ ਸਕਦਾ ਹੈ।ਅਜਿਹਾ ਕੋਵਿਡ-19 ਦੇ ਨਵੇਂ ਉਭਰ ਰਹੇ ਵੇਰੀਐਂਟਸ ਦੀ ਨਿਗਰਾਨੀ ਕਰਨ ਲਈ ਕੀਤਾ ਜਾ ਸਕਦਾ ਹੈ।
ਪਰ ਟਰੈਵਲਰਜ਼ ਨੂੰ ਅਜੇ ਵੀ ਐਰਾਈਵਕੈਨ ਐਪ ਦੀ ਵਰਤੋਂ ਕਰਨੀ ਹੋਵੇਗੀ ਤੇ ਆਪਣੀ ਵੈਕਸੀਨੇਸ਼ਨ ਦਾ ਸਬੂਤ ਤੇ ਹੋਰ ਲੋੜੀਂਦੀ ਜਾਣਕਾਰੀ ਭਰਨੀ ਹੋਵੇਗੀ। ਜਿਹੜੇ ਟਰੈਵਲਰਜ਼ ਕਰੂਜ਼ ਜਾਂ ਜਹਾਜ਼ ਰਾਹੀਂ ਸਫਰ ਕਰ ਰਹੇ ਹੋਣਗੇ, ਉਨ੍ਹਾਂ ਨੂੰ ਕੁਆਰਨਟੀਨ ਪਲੈਨ ਸਮੇਤ ਆਪਣੀ ਜਾਣਕਾਰੀ ਕੈਨੇਡਾ ਪਹੁੰਚਣ ਤੋਂ ਪਹਿਲਾਂ ਇਸ ਐਪ ਵਿੱਚ ਭਰਨੀ ਹੋਵੇਗੀ ਉਹ ਵੀ ਸਫਰ ਤੋਂ 72 ਘੰਟੇ ਦੇ ਅੰਦਰ ਅੰਦਰ।ਜਿਹੜੇ ਟਰੈਵਲਰਜ਼ ਐਰਾਈਵ ਕੈਨ ਵਿੱਚ ਜਾਣਕਾਰੀ ਭਰਨ ਤੋਂ ਬਿਨਾਂ ਹੀ ਕੈਨੇਡਾ ਆਉਣਗੇ ਉਨ੍ਹਾਂ ਨੂੰ ਟੈਸਟ ਵੀ ਕਰਵਾਉਣਾ ਪੈ ਸਕਦਾ ਹੈ ਤੇ 14 ਦਿਨਾਂ ਲਈ ਕੁਆਰਨਟੀਨ ਵੀ ਹੋਣਾ ਪਵੇਗਾ, ਫਿਰ ਭਾਵੇਂ ਉਨ੍ਹਾਂ ਦਾ ਵੈਕਸੀਨੇਸ਼ਨ ਸਟੇਟਸ ਕੁੱਝ ਵੀ ਹੋਵੇ।
ਨਿਯਮਾਂ ਵਿੱਚ ਦਿੱਤੀ ਗਈ ਢਿੱਲ ਕਾਰਨ ਬਹੁਤੇ ਕੈਨੇਡੀਅਨਜ਼ ਹੁਣ ਵਿਦੇਸ਼ ਦੌਰਾ ਕਰਨ ਦੀ ਫਿਰਾਕ ’ਚ
