ਚੰਡੀਗੜ੍ਹ: ਪੰਜਾਬ ‘ਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਸਿਆਸਤ ਗਰਮਾ ਰਹੀ ਹੈ। ਬੀਜੇਪੀ ਨੇਤਾ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਚੁੱਕੇ ਹਨ। ਸਿਰਸਾ ਨੇ ਪੁੱਛਿਆ ਹੈ ਕਿ ਕੀ ਭਗਵੰਤ ਮਾਨ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ‘ਤੇ ਪਾਕਿਸਤਾਨ ਦੇ ਹੱਕ ‘ਚ ਸਟੈਂਡ ਲੈਣ ਲਈ ਦਬਾਅ ਪਾ ਰਹੇ ਹਨ।
ਦਰਅਸਲ ਪੰਜਾਬ ਸਰਕਾਰ ਨੇ ਚੰਡੀਗੜ੍ਹ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਹੀ ਚਿੱਟਾ (ਨਸ਼ਾ) ਬਣਨ ਦੀ ਗੱਲ ਕੀਤੀ ਸੀ ਜਿਸ ‘ਤੇ ਹੁਣ ਸਿਰਸਾ ਨੇ ਇਹ ਸਵਾਲ ਕੀਤਾ ਹੈ।
ਮਾਨ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਨਸ਼ੇ ਆਉਂਦੇ ਹਨ। ਮੰਨ ਲਓ ਕਿ ਉਹ ਸਰਹੱਦ ਪਾਰ (ਪਾਕਿਸਤਾਨ) ਤੋਂ ਆਏ ਹਨ। ਰਾਜਸਥਾਨ ਪੰਜਾਬ ਨਾਲੋਂ ਢਾਈ ਗੁਣਾ ਵੱਡਾ ਹੈ। ਜੰਮੂ-ਕਸ਼ਮੀਰ ਦੀ ਅੱਧੀ ਤੋਂ ਵੱਧ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹ ਇੱਥੇ ਹੀ ਬਣਦਾ ਹੈ, ਇੱਥੇ ਵਾਲੇ ਹੀ ਨੇ, ਉਨ੍ਹਾਂ ਨੂੰ ਜਲਦੀ ਹੀ ਸਾਹਮਣੇ ਲਿਆਂਦਾ ਜਾਏਗਾ।
ਭਾਜਪਾ ਆਗੂ ਸਿਰਸਾ ਨੇ ਕਿਹਾ ਕਿ ਇਹ ਗੱਲ ਮੰਨਣਯੋਗ ਨਹੀਂ ਹੈ ਕਿ ਭਗਵੰਤ ਮਾਨ ਪਾਕਿਸਤਾਨ ਨੂੰ ਨਸ਼ਾ ਤਸਕਰੀ ਤੋਂ ਕਲੀਨ ਚਿੱਟ ਦੇ ਰਹੇ ਹਨ। ਉਹ ਕਹਿ ਰਿਹਾ ਹੈ ਕਿ ਇੱਥੇ ਚਿੱਟਾ ਬਣਦਾ। ਉਸ ਦਾ ਕਹਿਣਾ ਹੈ ਕਿ ਪੰਜਾਬ ‘ਚ ਨਸ਼ਾ ਕੀਤਾ ਜਾ ਰਿਹਾ ਹੈ, ਜਦਕਿ ਪੂਰੀ ਦੁਨੀਆ ਜਾਣਦੀ ਹੈ ਕਿ ਇਹ ਸਭ ਪਾਕਿਸਤਾਨ ਨੇ ਕੀਤਾ ਹੈ।