ਮੁੰਬਈ (ਪੀਟੀਆਈ) : ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਗੁਜਰਾਤ ਟਾਈਟਨਜ਼ ਸ਼ੁੱਕਰਵਾਰ ਨੂੰ ਇੱਥੇ ਆਈਪੀਐੱਲ ਮੈਚ ਵਿਚ ਪਹਿਲਾਂ ਹੀ ਦੌੜ ’ਚੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੇ ਸਿਖਰਲੇ ਬੱਲੇਬਾਜ਼ਾਂ ਦੀਆਂ ਕਮੀਆਂ ਨੂੰ ਦੂਰ ਕਰ ਕੇ ਤੇ ਜਿੱਤ ਦੀ ਲੈਅ ਵਾਪਸ ਹਾਸਲ ਕਰ ਕੇ ਪਲੇਆਫ ਵਿਚ ਥਾਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ।
ਗੁਜਰਾਤ ਟਾਈਟਨਜ਼ ਨੂੰ ਪਿਛਲੇ ਮੈਚ ਵਿਚ ਪੰਜਾਬ ਕਿੰਗਜ਼ ਹੱਥੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਦੀ ਪੰਜ ਮੈਚਾਂ ਦੀ ਜਿੱਤ ਦੀ ਲੈਅ ਟੁੱਟ ਗਈ। ਹੁਣ ਤਕ ਪੂਰੇ ਟੂਰਨਾਮੈਂਟ ਦੌਰਾਨ ਬੱਲੇਬਾਜ਼ੀ ਵਿਭਾਗ ਵਿਚ ਨਿਰੰਤਰਤਾ ਦੀ ਘਾਟ ਦਿਖਾਈ ਦਿੱਤੀ ਹੈ ਖ਼ਾਸ ਕਰ ਕੇ ਸਿਖਰਲੇ ਬੱਲੇਬਾਜ਼ ਉਸ ਲਈ ਪਰੇਸ਼ਾਨੀ ਦਾ ਸਬੱਬ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਆਈਪੀਐੱਲ ਦੀ ਨਵੀਂ ਟੀਮ ਨੂੰ ਲੀਗ ਦੇ ਅੰਤ ਵੱਲ ਇਸ ਕਮੀ ਨੂੰ ਸੁਧਾਰਨਾ ਪਵੇਗਾ। ਹਾਰ ਦੇ ਬਾਵਜੂਦ ਗੁਜਰਾਤ 10 ਟੀਮਾਂ ਦੀ ਸੂਚੀ ਵਿਚ 10 ਮੈਚਾਂ ਵਿਚ 16 ਅੰਕ ਲੈ ਕੇ ਸਿਖਰ ’ਤੇ ਕਾਬਜ ਹੈ ਤੇ ਸ਼ੁੱਕਰਵਾਰ ਨੂੰ ਜਿੱਤ ਨਾਲ ਉਹ ਪਲੇਆਫ ਵਿਚ ਥਾਂ ਪੱਕੀ ਕਰਨ ਵਾਲੀ ਪਹਿਲੀ ਟੀਮ ਬਣ ਜਾਵੇਗੀ।