ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦੇ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਾਂਗਰਸ ’ਤੇ ਹਮਲਾ ਬੋਲਿਆ ਹੈ। ਚੱਢਾ ਨੇ ਕਿਹਾ ਕਿ ਸੁਨੀਲ ਜਾਖੜ ਦੇ ਅਸਤੀਫ਼ੇ ਨੇ ਕਾਂਗਰਸ ਪਾਰਟੀ ਦੀ ਜਾਤੀ ਅਤੇ ਧਾਰਮਿਕ ਰਾਜਨੀਤੀ ਦੀ ਪੋਲ ਖੋਲ੍ਹ ਦਿੱਤੀ ਹੈ। ਕਾਂਗਰਸ ਦੀ ਪੰਜਾਬ ਨੂੰ ਜਾਤ ਅਤੇ ਧਰਮ ਵਿੱਚ ਵੰਡਣ ਵਾਲੀ ਰਾਜਨੀਤੀ ਦਾ ਵਿਰੋਧ ਕਰਨ ਕਰਕੇ ਹੀ ਸੁਨੀਲ ਜਾਖੜ ਨੂੰ ਪਾਰਟੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਦਿਨੇਸ਼ ਚੱਢਾ ਨੇ ਕਾਂਗਰਸ ਪਾਰਟੀ ’ਤੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਵਿੱਚ ਜਾਤ ਅਤੇ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਕੇ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਵੀ ਉਸ ਨੇ ਚੋਣਾ ਤੋਂ ਪਹਿਲਾ ਪੰਜਾਬੀਆਂ ਨੂੰ ਵੰਡਣ ਲਈ ਜਾਤ ਤੇ ਧਰਮ ਦਾ ਕਾਰਡ ਖੇਡਿਆ ਅਤੇ ਸੁਨੀਲ ਜਾਖੜ ਨੂੰ ਸਿਰਫ਼ ਹਿੰਦੂ ਹੋਣ ਦੇ ਨਾਤੇ ਵਿਧਾਇਕਾਂ ਵੱਲੋਂ ਸਮਰਥਨ ਦੇਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ। ਸੁਨੀਲ ਜਾਖੜ ਨੂੰ ਕਾਂਗਰਸ ਦੀ ਇਸੇ ਘਟੀਆ ਰਾਜਨੀਤੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ।