ਚੰਡੀਗੜ੍ਹ: ਉੱਤਰ ਭਾਰਤ ਵਿੱਚ ਮਈ ਮਹੀਨੇ ਦੇ ਅੱਧ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਲੋਕ ਹਾਲੋਂ ਬੇਹਾਲ ਹਨ। ਗਰਮੀ ਵਧਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਬਿਜਲੀ ਦੀ ਮੰਗ ਵਧਣ ਲੱਗੀ ਹੈ। ਮੰਗ ਪੂਰੀ ਨਾ ਹੋਣ ਕਰਕੇ ਬਿਜਲੀ ਦੇ ਕੱਟ ਲੱਗ ਰਹੇ ਹਨ। ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ੀਨਗੋਈ ਮੁਤਾਬਕ ਇਨ੍ਹਾਂ ਦੋਵਾਂ ਰਾਜਾਂ ਵਿੱਚ ਲੋਕਾਂ ਨੂੰ ਤਿੱਖੀ ਗਰਮੀ ਤੋਂ ਮੰਗਲਵਾਰ ਤੱਕ ਕੁਝ ਰਾਹਤ ਮਿਲ ਸਕਦੀ ਹੈ। ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ, ਹਾਲਾਂਕਿ 48 ਘੰਟਿਆਂ ਵਿੱਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਤੇ ਹਰਿਆਣਾ ਵਿੱਚ ਐਤਵਾਰ ਦਾ ਦਿਨ ਇਸ ਸਾਲ ਦਾ ਸਭ ਤੋਂ ਗਰਮ ਦਿਨ ਰਿਹਾ ਹੈ, ਜਿੱਥੇ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਮੁਕਤਸਰ ਅਤੇ ਹਰਿਆਣਾ ਵਿੱਚ ਗੁਰੂਗ੍ਰਾਮ ਸਭ ਤੋਂ ਗਰਮ ਸ਼ਹਿਰ ਰਹੇ। ਮੁਕਤਸਰ ਦਾ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਅਤੇ ਗੁਰੂਗ੍ਰਾਮ ਦਾ 48.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗੁਰੂਗ੍ਰਾਮ ਵਿੱਚ ਇਸ ਤੋਂ ਪਹਿਲਾਂ ਸਾਲ 1966 ਵਿੱਚ ਤਾਪਮਾਨ 49 ਡਿਗਰੀ ਸੈਲਸੀਅਸ ’ਤੇ ਪਹੁੰਚਿਆ ਸੀ। ਉੱਤਰ ਭਾਰਤ ਵਿੱਚ ਵੱਧ ਰਹੀ ਗਰਮੀ ਕਰਕੇ ਆਮ ਲੋਕਾਂ ਦੇ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਿਸਾਨਾਂ ਨੂੰ ਅੱਤ ਦੀ ਗਰਮੀ ਵਿੱਚ ਖੇਤੀਬਾੜੀ ਕਰਨੀ ਪੈ ਰਹੀ ਹੈ। ਪੰਜਾਬ ਵਿੱਚ ਮੌਜੂਦਾ ਸਮੇਂ ਸਬਜ਼ੀਆਂ ਦੇ ਨਾਲ-ਨਾਲ ਮੂੰਗੀ ਦੀ ਫ਼ਸਲ ਦੀ ਕਾਸ਼ਤ ਵੀ ਕੀਤੀ ਜਾ ਰਹੀ ਹੈ। ਗਰਮੀ ਅਤੇ ਬਿਜਲੀ ਸਪਲਾਈ ਵਿੱਚ ਰੁਕਾਵਟ ਕਰਕੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ, ਉੱਥੇ ਹੀ ਝੋਨੇ ਦੀ ਸਿੱਧੀ ਬਿਜਾਈ ਦੌਰਾਨ ਵੀ ਗਰਮੀ ਵੱਡੀ ਦਿੱਕਤ ਬਣ ਸਕਦੀ ਹੈ। ਅੰਮ੍ਰਿਤਸਰ ਵਿੱਚ 46.1 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 45.5, ਪਟਿਆਲਾ ’ਚ 44.3, ਪਠਾਨਕੋਟ ’ਚ 44.8, ਬਠਿੰਡਾ ’ਚ 46.8, ਫਰੀਦਕੋਟ ’ਚ 45.4, ਗੁਰਦਾਸਪੁਰ ’ਚ 45.7, ਬਰਨਾਲਾ ’ਚ 46.4, ਫਿਰੋਜ਼ਪੁਰ ’ਚ 46.9, ਹੁਸ਼ਿਆਰਪੁਰ ’ਚ 46.1, ਜਲੰਧਰ ’ਚ 46.2, ਮੋਗਾ ’ਚ 46.1 ਅਤੇ ਮੁਹਾਲੀ ’ਚ 42.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਹਰਿਆਣਾ ਦੇ ਅੰਬਾਲਾ ’ਚ 42.1, ਹਿਸਾਰ ’ਚ 47.3, ਕਰਨਾਲ ’ਚ 42.4 ਅਤੇ ਨਾਰਨੋਲ ’ਚ 47.5 ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।