ਇਸਲਾਮਾਬਾਦ: ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਅੱਜ ਉਹ ਹੁਕਮ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਦੇਸ਼ ਦੀਆਂ ਸਾਰੀਆਂ ਮਹਿਲਾ ਟੀਵੀ ਐਂਕਰਾਂ ਨੂੰ ਪ੍ਰਸਾਰਨ ਦੌਰਾਨ ਆਪਣਾ ਚਿਹਰਾ ਢਕਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਇਸ ਹੁਕਮ ਦੀ ਨਿੰਦਾ ਕੀਤੀ ਹੈ। ਲੰਘੇ ਵੀਰਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਦਾ ਸਿਰਫ਼ ਕੁਝ ਮੀਡੀਆ ਅਦਾਰਿਆਂ ਨੇ ਪਾਲਣ ਕੀਤਾ ਸੀ ਪਰ ਅੱਜ ਤਾਲਿਬਾਨ ਦੇ ਸ਼ਾਸਕਾਂ ਵੱਲੋਂ ਹੁਕਮ ਲਾਗੂ ਕੀਤੇ ਜਾਣ ਮਗਰੋਂ ਜ਼ਿਆਦਾਤਰ ਮਹਿਲਾ ਐਂਕਰਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਟੋਲੋ ਨਿਊਜ਼ ਦੀ ਟੀਵੀ ਐਂਕਰ ਸੋਨੀਆ ਨਿਆਜ਼ੀ ਨੇ ਕਿਹਾ, ‘ਇਹ ਸਿਰਫ਼ ਇੱਕ ਬਾਹਰੀ ਸੰਸਕ੍ਰਿਤੀ ਹੈ ਜੋ ਸਾਡੇ ’ਤੇ ਥੋਪੀ ਗਈ ਹੈ। ਇਹ ਸਾਨੂੰ ਆਪਣਾ ਚਿਹਰਾ ਢਕਣ ਲਈ ਮਜਬੂਰ ਕਰਦੀ ਹੈ ਅਤੇ ਇਹ ਪ੍ਰੋਗਰਾਮ ਪੇਸ਼ ਕਰਨ ਸਮੇਂ ਸਾਡੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ।’ ਇੱਕ ਸਥਾਨਕ ਮੀਡੀਆ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਟੇਸ਼ਨ ਨੂੰ ਪਿਛਲੇ ਹਫ਼ਤੇ ਹੁਕਮ ਮਿਲਿਆ ਸੀ ਪਰ ਅੱਜ ਇਹ ਹੁਕਮ ਲਾਗੂ ਕਰਨ ਲਈ ਮਜਬੂਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 1996-2001 ਤੱਕ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਸੱਤਾ ਦੌਰਾਨ ਮਹਿਲਾਵਾਂ ’ਤੇ ਬੁਰਕਾ ਪਹਿਨਣ ਸਮੇਤ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਉਸ ਸਮੇਂ ਲੜਕੀਆਂ ਤੇ ਔਰਤਾਂ ਨੂੰ ਸਿੱਖਿਆ ਤੋਂ ਵਾਂਝੇ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਜਨਤਕ ਜ਼ਿੰਦਗੀ ਤੋਂ ਬਾਹਰ ਰੱਖਿਆ ਗਿਆ ਸੀ।
ਤਾਲਿਬਾਨ ਵੱਲੋਂ ਮਹਿਲਾ ਐਂਕਰਾਂ ਲਈ ਚਿਹਰਾ ਢਕਣ ਦਾ ਹੁਕਮ ਲਾਗੂ
