ਨਵਜੋਤ ਸਿੱਧੂ ਦੇ ਡਾਈਟ ਪਲਾਨ ਦੀ ਸੁਣਵਾਈ ਅੱਜ, ਕੱਲ੍ਹ ਦੇਰ ਸ਼ਾਮ ਤਕ ਡਾਕਟਰਾਂ ਦੇ ਬੋਰਡ ਵੱਲੋਂ ਨਹੀਂ ਪੇਸ਼ ਕੀਤੀ ਗਈ ਸੀ ਰਿਪੋਰਟ

ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਡਾਈਟ ਪਲਾਨ ਨੂੰ ਲੈ ਕੇ ਅਦਾਲਤ ’ਚ ਹੋਣ ਵਾਲੀ ਸੁਣਵਾਈ ਮੰਗਲਵਾਰ ਤਕ ਟਲ਼ ਗਈ ਹੈ। ਕਾਰਨ ਇਹ ਰਹੇ ਕਿ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਅਦਾਲਤ ’ਚ ਨਾ ਹੀ ਰਿਪੋਰਟ ਪੇਸ਼ ਕੀਤੀ ਗਈ ਤੇ ਨਾ ਹੀ ਡਾਕਟਰਾਂ ਦੇ ਬੋਰਡ ਵੱਲੋਂ ਉਨ੍ਹਾਂ ਦਾ ਡਾਈਟ ਪਲਾਨ ਜਮ੍ਹਾਂ ਕਰਵਾਇਆ ਗਿਆ ਹੈ। ਅਜਿਹੇ ’ਚ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਕੀਤੀ ਜਾਵੇਗੀ।

ਰੋਡਰੇਜ਼ ਦੇ ਮਾਮਲੇ ’ਚ ਕੇਂਦਰੀ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਤਿੰਨ ਮਾਹਿਰ ਡਾਕਟਰਾਂ ਦੇ ਬੋਰਡ ਵੱਲੋਂ ਸੋਮਵਾਰ ਨੂੰ ਜਾਂਚ ਕੀਤੀ ਗਈ। ਇਸੇ ਤਹਿਤ ਸਵੇਰੇ 10 ਵਜੇ ਨਵਜੋਤ ਸਿੰਘ ਸਿੱਧੂ ਨੂੰ ਅਦਾਲਤੀ ਹੁਕਮਾਂ ’ਤੇ ਕੇਂਦਰੀ ਜ਼ੇਲ੍ਹ ਪਟਿਆਲਾ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੁਲਿਸ ਦੇ ਸਖ਼ਤ ਪਹਿਰੇ ਹੇਠ ਲਿਆਂਦਾ ਗਿਆ। ਜਿਥੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦੀ ਨਿਗਰਾਨੀ ਹੇਠ ਤਿੰਨ ਡਾਕਟਰਾਂ ’ਚ ਡਾਈਟੀਸ਼ੀਅਨ ਡਾ. ਰਮਨਜੀਤ ਕੌਰ, ਮੈਡੀਸਨ ਮਾਹਿਰ ਡਾ. ਅਸ਼ੀਸ਼ ਭਗਤ ਤੇ ਕਾਰਡੀਓਲਾਜਿਸਟ ਡਾ. ਸੌਰਵ ਸ਼ਰਮਾ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਉਨ੍ਹਾਂ ਲਈ ਰੁਟੀਨ ਖੂਨ ਦੇ ਟੈਸਟ, ਐਕਸ-ਰੇ, ਸੀਟੀ ਸਕੈਨ ਤੇ ਈਕੋ ਦੇ ਟੈਸਟ ਵੀ ਕਰਵਾਏ ਗਏ ਹਨ। ਇਸ ਤੋਂ ਬਾਅਦ ਡਾਕਟਰਾਂ ਵੱਲੋਂ ਲਿਖੇ ਡਾਈਟ ਪਲਾਨ ਦਾ ਮਿਲਾਨ ਕਰ ਕੇ ਡਾਈਟ ਚਾਰਟ ਵੀ ਤਿਆਰ ਕੀਤਾ ਜਾਵੇਗਾ। ਉਕਤ ਟੈਸਟਾਂ ਦੇ ਆਧਾਰ ’ਤੇ ਡਾਈਟ ਚਾਰਟ ਅਦਾਲਤ ਵਿਚ ਹਸਪਤਾਲ ਪ੍ਰਸ਼ਾਸਨ ਵੱਲੋਂ ਜਮ੍ਹਾਂ ਕਰਵਾਉਣਾ ਸੀ। ਪ੍ਰੰਤੂ ਉਸ ਨੂੰ ਭੇਜਿਆ ਨਹੀਂ ਗਿਆ ਹੈ, ਜਿਸ ਕਾਰਨ ਹੋਣ ਵਾਲੀ ਸੁਣਵਾਈ ਟਲ਼ ਗਈ ਹੈ ਤੇ ਅਦਾਲਤ ਵਿਚ ਮੰਗਲਵਾਰ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਗਈ ਹੈ। ਇਸ ਤੋਂ ਬਾਅਦ ਢਾਈ ਵਜੇ ਦੇ ਕਰੀਬ ਨਵਜੋਤ ਸਿੰਘ ਸਿੱਧੂ ਪੁਲਿਸ ਦੇ ਸਖ਼ਤ ਪਹਿਰੇ ਹੇਠ ਕੇਂਦਰੀ ਜ਼ੇਲ੍ਹ ਪਟਿਆਲਾ ਵਿਖੇ ਵਾਪਸ ਚਲੇ ਗਏ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat