ਲੰਡਨ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਓਵਰਸੀਜ਼ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਉਂਦੀਆਂ ਚੋਣਾਂ ’ਚ ਪਾਰਟੀ ਨੂੰ ਜਿਤਾਉਣ ਲਈ ਸਖ਼ਤ ਮਿਹਨਤ ਕਰਨ। ਲੰਡਨ ਦੇ ਦੌਰੇ ’ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇੰਡੀਆ ਓਵਰਸੀਜ਼ ਕਾਂਗਰਸ (ਆਈਓਸੀ) ਯੂਕੇ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਅਤੇ ਆਪਣੀ ਮਾਂ ਸੋਨੀਆ ਗਾਂਧੀ ਨੂੰ ਅਚਾਨਕ ਫੋਨ ਮਿਲਾ ਕੇ ਪਾਰਟੀ ਵਰਕਰਾਂ ਨਾਲ ਗੱਲ ਕਰਵਾਈ। ਰਾਹੁਲ ਨੇ ਆਈਓਸੀ ਯੂਕੇ ਟੀਮ ਦੇ ਮੈਂਬਰਾਂ ਨਾਲ ਸ਼ਨਿਚਰਵਾਰ ਨੂੰ ਬੈਠਕ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ। ਆਈਓਸੀ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਅਤੇ ਹੋਰ ਟੀਮ ਮੈਂਬਰਾਂ ਨੇ ਮੀਟਿੰਗ ’ਚ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਕਮਾਨ ਸੰਭਾਲਣ ਤਾਂ ਜੋ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਸੱਤਾ ’ਚ ਆ ਸਕੇ। ਆਈਓਸੀ ਯੂਕੇ ਨੇ ਇਕ ਬਿਆਨ ’ਚ ਕਿਹਾ,‘‘ਅਚਾਨਕ ਰਾਹੁਲ ਗਾਂਧੀ ਜੀ ਨੇ ਸੋਨੀਆ ਗਾਂਧੀ ਨੂੰ ਫੋਨ ਮਿਲਾ ਦਿੱਤਾ ਅਤੇ ਆਈਓਸੀ ਦੇ ਮੈਂਬਰਾਂ ਦੀ ਉਨ੍ਹਾਂ ਨਾਲ ਗੱਲ ਕਰਵਾਈ। ਸੋਨੀਆ ਗਾਂਧੀ ਨੇ ਟੀਮ ਦੇ ਸਾਰੇ ਮੈਂਬਰਾਂ ਨੂੰ ਪਾਰਟੀ ਅਤੇ ਆਉਂਦੀਆਂ ਚੋਣਾਂ ’ਚ ਜਿੱਤ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।’’ ਆਈਓਸੀ ਤਿਲੰਗਾਨਾ ਦੇ ਤਰਜਮਾਨ ਸੁਧਾਕਰ ਗੌੜ ਅਤੇ ਜਨਰਲ ਸਕੱਤਰ ਗੰਪਾ ਵੇਣੂਗੋਪਾਲ ਨੇ 2014 ’ਚ ਵੱਖਰਾ ਤਿਲੰਗਾਨਾ ਸੂਬਾ ਬਣਾਉਣ ਲਈ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ। ਓਵਰਸੀਜ਼ ਵਰਕਰਾਂ ਨਾਲ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਆਪਣਾ ਰੁਖ ਦੁਹਰਾਇਆ ਕਿ ਪਾਰਟੀ ਭਾਰਤ ’ਚ ਵਿਚਾਰਾਂ ਦੀ ਲੜਾਈ ਲੜਨ ਲਈ ਤਿਆਰ ਹੈ। ਆਈਓਸੀ ਯੂਕੇ ਦੇ ਤਰਜਮਾਨ ਨੇ ਕਿਹਾ,‘‘ਰਾਹੁਲ ਮੁਤਾਬਕ ਅਸੀਂ ਕਿਸੇ ਇਕ ਸਿਆਸੀ ਧਿਰ ਨਾਲ ਨਹੀਂ ਸਗੋਂ ਇਕ ਨੁਕਸਾਨਦੇਹ ਵਿਚਾਰਧਾਰਾ ਖ਼ਿਲਾਫ਼ ਲੜ ਰਹੇ ਹਾਂ ਅਤੇ ਮੁਲਕ ਦੀਆਂ ਸੰਸਥਾਵਾਂ ਦੀ ਰਾਖੀ ਲਈ ਲੜ ਰਹੇ ਹਾਂ।’’ ਆਈਓਸੀ ਯੂਕੇ ਦੇ ਮੀਤ ਪ੍ਰਧਾਨ ਗੁਰਮਿੰਦਰ ਰੰਧਾਵਾ ਨੇ ਕਾਂਗਰਸ ਆਗੂ ਨੂੰ ਮੁਲਕ ’ਚ ਮਹਿਲਾ ਇਕਾਈ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ ਅਤੇ ਹੁਣੇ ਜਿਹੇ ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਕੀਤੀ।
ਰਾਹੁਲ ਨੇ ਇੰਗਲੈਂਡ ’ਚ ਕਾਂਗਰਸ ਵਰਕਰਾਂ ਦੀ ਸੋਨੀਆ ਨਾਲ ਫੋਨ ’ਤੇ ਗੱਲ ਕਰਵਾਈ
