ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਇੱਕ ਵਾਰ ਫਿਰ ਤੋਂ ਹਥਿਆਰਾਂ ਦੀ ਸਿਖਲਾਈ ਦੇਣ ਦੇ ਦਿੱਤੇ ਸੱਦੇ ਦੀ ਨਿਖੇਧੀ ਕੀਤੀ ਗਈ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਜਥੇਦਾਰ ਦੁਨੀਆ ਤੇ ਖਾਸ ਕਰਕੇ ਸਿੱਖ ਕੌਮ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਤੁਹਾਡਾ ਸਿੱਖਾਂ ਨੂੰ ਹਥਿਆਰ ਦੇਣ ਦਾ ਮੋਹ ਇਕਮੁੱਠ ਹੋਣ ਦੀ ਸੋਚ ਤੋਂ ਵੱਖਰਾ ਹੈ। ਉਨ੍ਹਾਂ ਜਥੇਦਾਰ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਸਾਰੇ ਜਾਂ ਸਿਰਫ਼ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ਅਤੇ ਕੀ ਇਸ ਨਾਲ ਦੂਜਿਆਂ ਵਿਚ ਅਸੁਰੱਖਿਆ ਅਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਨਹੀਂ ਹੋਵੇਗੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਲਈ ਚੰਗਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੀ ਸਲਾਹ ਅਜਿਹੇ ਸਮੇਂ ‘ਤੇ ਨਹੀਂ ਦਿੱਤੀ ਜਾ ਸਕਦੀ ਜਦੋਂ ਪੰਜਾਬ ਆਪਣੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਸੋਗ ਮਨਾ ਰਿਹਾ ਹੈ, ਜਿਸਨੂੰ ਸਿਰਫ 28 ਸਾਲ ਦੀ ਛੋਟੀ ਉਮਰ ਵਿਚ ਅਪਰਾਧੀਆਂ ਵਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਤੁਹਾਡੀ ਹਥਿਆਰਾਂ ਦੀ ਸਿਖਲਾਈ ਬਾਰੇ ਇਹ ਗਲਤ ਸਲਾਹ ਅਜਿਹੇ ਗਲਤ ਸਮੇਂ ਨਹੀਂ ਦਿੱਤੀ ਜਾ ਸਕਦੀ, ਜਦੋਂ ਪੰਜਾਬ ਆਪਣੇ ਇੱਕ ਮਸ਼ਹੂਰ ਪੁੱਤਰ ਮੂਸੇਵਾਲਾ ਦੀ ਮੌਤ ਦਾ ਸੋਗ ਮਨਾ ਰਿਹਾ ਹੈ ਅਤੇ ਤੁਸੀਂ ਹਥਿਆਰਾਂ ਦੀ ਸਿਖਲਾਈ ਲਈ ਕਹਿ ਰਹੇ ਹੋ।