ਨਵੀਂ ਦਿੱਲੀ-ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਕੋਲ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੇ ਨਾਵਾਂ ਬਾਰੇ ਖੁਲਾਸਾ ਕੀਤਾ ਗਿਆ ਹੈ, ਜੋ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਨਾਲ ਸੰਬੰਧਤ ਹਨ | ਪੁਲਿਸ ਨੂੰ ਸ਼ੱਕ ਹੈ ਕਿ ਇਹ ਸਪਲਾਇਰ ਉਹ ਹੋ ਸਕਦੇ ਹਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਮਦਦ ਕੀਤੀ ਸੀ | ਇਨ੍ਹਾਂ ‘ਚੋਂ ਮੁੱਖ ਦੋਸ਼ੀ ਰਣਜੀਤ ਸਿੰਘ ਫਰੀਦਕੋਟ ਦਾ ਰਹਿਣ ਵਾਲਾ, ਵਿਜੈ ਹਰਿਆਣਾ-ਰਾਜਸਥਾਨ ਬਾਰਡਰ ਦਾ ਵਸਨੀਕ ਅਤੇ ਇਕ ਹੋਰ ਰਾਕਾ ਨਾਂਅ ਦਾ ਵਿਅਕਤੀ ਹੈ | ਇਸ ਤੋਂ ਪਹਿਲਾਂ ਬਿਸ਼ਨੋਈ ਨੂੰ ਰਿਮਾਂਡ ਖਤਮ ਹੋਣ ਉਪਰੰਤ ਪਟਿਆਲਾ ਹਾਊਸ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਪੰਜ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ | ਪੁਲਿਸ ਦੇ ਸੂਤਰਾਂ ਅਨੁਸਾਰ ਮੁਕੇਸ਼ ਉਰਫ਼ ਪੁਨੀਤ, ਓਮ ਉਰਫ਼ ਸ਼ਕਤੀ ਅਤੇ ਜਿਤੇਂਦਰ ਗੋਗੀ ਗਰੋਹ ਦੇ ਹਰਵਿੰਦਰ ਨੂੰ ਅਪ੍ਰੈਲ ‘ਚ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਨੇ ਖੁਲਾਸਾ ਕੀਤਾ ਕਿ ਇਕ ਰਾਕਾ ਨਾਂਅ ਦੇ ਵਿਅਕਤੀ ਨੇ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਸੀ, ਜਦੋਂਕਿ ਰੋਹਿਤ ਉਰਫ਼ ਮੋਈ ਅਤੇ ਦਿਨੇਸ਼ ਕਰਾਲਾ ਜੋ ਕਿ ਗੋਗੀ ਗਰੋਹ ਸੰਭਾਲ ਰਹੇ ਹਨ, ਨੇ ਹਥਿਆਰਾਂ ਦੀ ਖਰੀਦ ‘ਚ ਉਨ੍ਹਾਂ ਦੀ ਮਦਦ ਕੀਤੀ ਸੀ | ਪੁਲਿਸ ਨੇ ਰੋਹਿਤ ਉਰਫ਼ ਮੋਈ ਨੂੰ ਗਿ੍ਫ਼ਤਾਰ ਕਰਕੇ ਪੁੱਛਗਿੱਛ ਕੀਤੀ, ਜਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਲਾਰੈਂਸ ਬਿਸ਼ਨੋਈ ਗਰੋਹ ਤੋਂ ਹਥਿਆਰ ਲੈ ਕੇ ਰਾਕਾ ਰਾਹੀਂ ਮੁਕੇਸ਼, ਸ਼ਕਤੀ ਤੇ ਹਰਵਿੰਦਰ ਨੂੰ ਮੁਹੱਈਆ ਕਰਵਾਏ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਬਿਸ਼ਨੋਈ ਹਥਿਆਰਾਂ ਦੇ ਅਸਲ ਸਰੋਤ ਨੂੰ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਖੇਤਰਾਂ ‘ਚ ਰਾਕਾ ਕਿਥੇ ਹੈ |
ਲਾਰੈਂਸ ਬਿਸ਼ਨੋਈ ਵਲੋਂ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਨਾਵਾਂ ਦਾ ਖ਼ੁਲਾਸਾ
