ਜੂਨ 1984 ਘੱਲੂਘਾਰੇ ਦੀ 38ਵੀਂ ਵਰੇ੍ਹਗੰਢ ਮੌਕੇ ਗੁਰੂ ਨਗਰੀ ਅੰਮਿ੍ਤਸਰ ਵਿਚ ਕੀਤੇ ਗਏ ਕਰੜੇ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਘੱਲੂਘਾਰਾ ਸ਼ਹੀਦੀ ਸਮਾਗਮ ਤੋਂ ਇਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਅਤੇ ਸ਼ਰਧਾ ਸਹਿਤ ਮੱਥਾ ਟੇਕ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਅਕਾਲ ਪੁਰਖ ਅੱਗੇ ਸੂਬੇ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ | ਮੁੱਖ ਮੰਤਰੀ ਕਰੜੇ ਸੁਰੱਖਿਆ ਪ੍ਰਬੰਧਾਂ, ਇਕ ਕੈਬਨਿਟ ਮੰਤਰੀ ਤੇ ਦੋ ‘ਆਪ’ ਵਿਧਾਇਕਾਂ ਸਮੇਤ ਦੁਪਹਿਰ 1.50 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਤੇ ਦਰਸ਼ਨ ਕਰਨ ਉਪਰੰਤ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਵੀ ਮੱਥਾ ਟੇਕਿਆ ਤੇ ਕੁਝ ਸਮਾਂ ਇਥੇ ਚੱਲ ਰਹੇ ਢਾਡੀ ਦਰਬਾਰ ਵਿਚ ਸੰਗਤਾਂ ਨਾਲ ਬੈਠ ਕੇ ਢਾਡੀ ਸਿੰਘਾਂ ਤੋਂ ਵਾਰਾਂ ਤੇ ਸਿੱਖ ਇਤਿਹਾਸ ਸਰਵਨ ਕੀਤਾ | ਬਾਅਦ ਵਿਚ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਉਨ੍ਹਾਂ ਦੇ ਅਕਾਲ ਤਖ਼ਤ ਸਕੱਤਰੇਤ ਤੇ ਨਾਲ ਲਗਦੀ ਰਿਹਾਇਸ਼ ਵਿਖੇ ਪੁੱਜੇ ਅਤੇ ਕਰੀਬ ਸਵਾ ਘੰਟਾ ਦੋਵਾਂ ਆਗੂਆਂ ਨੇ ਬੰਦ ਕਮਰਾ ਮੀਟਿੰਗ ਦੌਰਾਨ ਵੱਖ-ਵੱਖ ਮਾਮਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ | ਇਸ ਵੇਲੇ ਜਥੇਦਾਰ ਦੇ ਸਟਾਫ ਦੇ ਮੈਂਬਰ, ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਉੱਚ ਸੁਰੱਖਿਆ ਅਧਿਕਾਰੀ ਦੂਜੇ ਕਮਰੇ ਵਿਚ ਬੈਠੇ ਰਹੇ | ਜਾਣਕਾਰੀ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਮੁੱਖ ਮੰਤਰੀ ਨਾਲ ਇਕੱਲਿਆਂ ਗੱਲ ਕਰਨ ਲਈ ਕਿਹਾ ਸੀ, ਜਿਸ ਨੂੰ ਮੁੱਖ ਮੰਤਰੀ ਨੇ ਤੁਰੰਤ ਪ੍ਰਵਾਨ ਕਰ ਲਿਆ | ਬਾਅਦ ਵਿਚ ਜਥੇਦਾਰ ਵਲੋਂ ਮੁੱਖ ਮੰਤਰੀ ਨੂੰ ਆਪਣੇ ਗ੍ਰਹਿ ਵਿਖੇ ਦੁਪਹਿਰ ਦਾ ਭੋਜਨ ਛਕਾਇਆ ਗਿਆ ਤੇ ਇਕੱਲਿਆਂ ਨੇ ਹੀ ਮੁੱਖ ਮੰਤਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਭੇਟ ਕਰਕੇ ਸਨਮਾਨਿਤ ਵੀ ਕੀਤਾ | ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਗੁਰੂ ਚਰਨਾ ‘ਚ ਮੱਥਾ ਟੇਕਿਆ, ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ, ਸੂਬੇ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ ਦੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ |
ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ
